ਅੱਯੂਬ ਦਾ ਯਹੋਵਾਹ ਨੂੰ ਜਵਾਬ 
42
1 ਫਿਰ ਅੱਯੂਬ ਨੇ ਯਹੋਵਾਹ ਨੂੰ ਜਵਾਬ ਦਿੱਤਾ। ਅੱਯੂਬ ਨੇ ਅਖਿਆ: 
2 “ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸੱਕਦੇ ਹੋ। 
ਤੁਸੀਂ ਯੋਜਨਾਵਾਂ ਬਣਾਉਂਦੇ ਹੋ ਤੇ ਕੋਈ ਵੀ ਤੁਹਾਡੀਆਂ ਯੋਜਨਾਵਾਂ ਰੋਕ ਜਾਂ ਬਦਲ ਨਹੀਂ ਸੱਕਦਾ। 
3 ਯਹੋਵਾਹ, ਤੂੰ ਇਹ ਸਵਾਲ ਪੁੱਛਿਆ: ‘ਇਹ ਮੂਰਖ ਗੱਲਾਂ ਆਖਦਾ ਹੋਇਆ ਇਹ ਅਗਿਆਨੀ ਆਦਮੀ ਕੌਣ ਹੈ?’ 
ਯਹੋਵਾਹ, ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ ਜੋ ਮੈਂ ਸਮਝਿਆ ਨਹੀਂ ਸਾਂ। 
ਮੈਂ ਉਨ੍ਹਾਂ ਗੱਲਾਂ ਬਾਰੇ ਬੋਲਿਆ ਜੋ ਮੇਰੇ ਲਈ ਹੈਰਾਨਕੁਨ ਸਨ ਅਤੇ ਜੋ ਮੇਰੀ ਸਮਝ ਤੋਂ ਬਾਹਰ ਸਨ। 
4 “ਯਹੋਵਾਹ ਜੀ ਤੁਸੀਂ ਮੈਨੂੰ ਆਖਿਆ, ‘ਅੱਯੂਬ ਸੁਣ, ਤੇ ਮੈਂ ਬੋਲਾਂਗਾ। 
ਮੈਂ ਤੈਨੂੰ ਸਵਾਲ ਪੁੱਛਾਂਗਾ, ਤੇ ਤੂੰ ਮੈਨੂੰ ਜਵਾਬ ਦੇਵੇਂਗਾ।’ 
5 ਯਹੋਵਾਹ ਜੀ ਅਤੀਤ ਵਿੱਚ ਮੈਂ ਤੁਹਾਡੇ ਬਾਰੇ ਸੁਣਿਆ ਸੀ, 
ਪਰ ਹੁਣ ਮੈਂ ਆਪਣੀਆਂ ਅੱਖਾਂ ਨਾਲ ਤੁਹਾਡਾ ਦੀਦਾਰ ਕੀਤਾ ਹੈ। 
6 ਅਤੇ ਯਹੋਵਾਹ ਜੀ ਮੈਂ ਆਪਣੇ ਬਾਰੇ ਸ਼ਰਮਿੰਦਾ ਹਾਂ, 
ਯਹੋਵਾਹ ਜੀ ਮੈਨੂੰ ਬਹੁਤ ਅਫ਼ਸੋਸ ਹੈ। 
ਜਿਵੇਂ ਮੈਂ ਘੱਟੇ ਅਤੇ ਸੁਆਹ ਵਿੱਚ ਬੈਠਦਾ ਹਾਂ, 
ਮੈਂ ਆਪਣੇ ਦਿਲ ਅਤੇ ਜੀਵਨ ਨੂੰ ਬਦਲਣ ਦਾ ਇਕਰਾਰ ਕਰਦਾ ਹਾਂ।” 
ਯਹੋਵਾਹ ਦਾ ਅੱਯੂਬ ਨੂੰ ਉਸਦੀ ਦੌਲਤ ਵਾਪਸ ਦੇਣਾ 
7 ਜਦੋਂ ਯਹੋਵਾਹ ਨੇ ਅੱਯੂਬ ਨਾਲ ਗੱਲਾਂ ਖਤਮ ਕਰ ਲਈਆਂ ਉਸ ਨੇ ਤੇਮਾਨ ਦੇ ਅਲੀਫਜ਼ ਨਾਲ ਗੱਲ ਕੀਤੀ। ਯਹੋਵਾਹ ਨੇ ਅਲੀਫਜ਼ ਨੂੰ ਆਖਿਆ, “ਮੈਂ ਤੇਰੇ ਉੱਤੇ ਕ੍ਰੋਧਵਾਨ ਹਾਂ ਯਹੋਵਾਹ ਨੇ ਅਲੀਫਜ਼ ਨੂੰ ਆਖਿਆ, ਮੈਂ ਤੇਰੇ ਉੱਤੇ ਅਤੇ ਤੇਰੇ ਦੋਹਾਂ ਦੋਸਤਾਂ ਉੱਤੇ ਕ੍ਰੋਧਵਾਨ ਹਾਂ। ਕਿਉਂਕਿ ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਅੱਯੂਬ ਮੇਰਾ ਸੇਵਕ ਹੈ, ਅੱਯੂਬ ਨੇ ਮੇਰੇ ਬਾਰੇ ਸਹੀ-ਸਹੀ ਗੱਲਾਂ ਆਖੀਆਂ। 
8 ਇਸ ਲਈ ਅਲੀਫਜ਼, ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਆ। ਉਨ੍ਹਾਂ ਨੂੰ ਮੇਰੇ ਸੇਵਕ ਅੱਯੂਬ ਲਈ ਲੈ ਕੇ ਆ। ਉਨ੍ਹਾਂ ਨੂੰ ਜ਼ਿਬਾਹ ਕਰ ਅਤੇ ਉਨ੍ਹਾਂ ਦੀ ਆਪਣੇ ਲਈ ਹੋਮ ਦੀ ਭੇਟ ਚੜ੍ਹਾ। ਮੇਰਾ ਸੇਵਕ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਤੇ ਮੈਂ ਉਸਦੀ ਪ੍ਰਾਰਥਨਾ ਸੁਣਾਂਗਾ। ਫ਼ੇਰ ਮੈਂ ਤੁਹਾਨੂੰ ਸਜ਼ਾ ਨਹੀਂ ਦੇਵਾਂਗਾ, ਜਿਸਦੇ ਕਿ ਤੁਸੀਂ ਅਧਿਕਾਰੀ ਹੋ ਕਿਉਂਕਿ ਤੁਸੀਂ ਬਹੁਤ ਮੂਰਖ ਸੀ। ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਮੇਰੇ ਸੇਵਕ ਅੱਯੂਬ ਨੇ ਮੇਰੇ ਬਾਰੇ ਸਹੀ ਗੱਲਾਂ ਆਖੀਆਂ।” 
9 ਇਸ ਤਰ੍ਹਾਂ ਤੇਮਾਨੀ ਦੇ ਅਲੀਫਜ਼ ਸ਼ੂਹੀ ਦੇ ਬਿਲਦਦ ਅਤੇ ਨਅਮਾਤੀ ਦੇ ਸੋਫਰ ਨੇ ਯਹੋਵਾਹ ਦੀ ਆਗਿਆ ਮੰਨੀ। ਫਿਰ ਯਹੋਵਾਹ ਨੇ ਅੱਯੂਬ ਦੀ ਪ੍ਰਾਰਥਨਾ ਸੁਣੀ। 
10 ਅੱਯੂਬ ਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਫਿਰ ਇੱਕ ਵਾਰ ਅੱਯੂਬ ਨੂੰ ਸਫਲ ਬਣਾਇਆ। ਪਰਮੇਸ਼ੁਰ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਦੁੱਗਣਾ ਦਤ੍ਤਾ। 
11 ਫਿਰ ਅੱਯੂਬ ਦੇ ਸਾਰੇ ਭਰਾ ਤੇ ਭੈਣਾਂ ਅਤੇ ਉਹ ਸਾਰੇ ਲੋਕ ਜਿਹੜੇ ਅੱਯੂਬ ਨੂੰ ਪਹਿਲਾਂ ਹੀ ਜਾਣਦੇ ਸਨ, ਉਸ ਦੇ ਘਰ ਆਏ। ਉਨ੍ਹਾਂ ਸਾਰਿਆਂ ਨੇ ਅੱਯੂਬ ਨਾਲ ਦਾਅਵਤ ਖਾਧੀ। ਉਨ੍ਹਾਂ ਨੇ ਅੱਯੂਬ ਨੂੰ ਹੌਂਸਲਾ ਦਿੱਤਾ ਉਨ੍ਹਾਂ ਨੂੰ ਅਫ਼ਸੋਸ ਸੀ ਕਿ ਯਹੋਵਾਹ ਨੇ ਅੱਯੂਬ ਨੂੰ ਇੰਨੀ ਵੱਡੀ ਮੁਸੀਬਤ ਵਿੱਚ ਪਾਇਆ। ਹਰ ਬੰਦੇ ਨੇ ਅੱਯੂਬ ਨੂੰ ਚਾਂਦੀ ਦਾ ਇੱਕ ਸਿੱਕਾ ਅਤੇ ਸੋਨੇ ਦਾ ਛੱਲਾ ਦਿੱਤਾ। 
12 ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਵੱਧੇਰੇ ਚੀਜ਼ਾਂ ਦੀ ਅਸੀਸ ਦਿੱਤੀ। ਅੱਯੂਬ ਨੂੰ 14,000 ਭੇਡਾਂ 6,000 ਊਠ 2,000 ਗਾਵਾਂ ਅਤੇ 1,000 ਗਧੀਆਂ ਮਿਲੀਆਂ। 
13 ਅੱਯੂਬ ਦੇ ਸੱਤ ਪੁੱਤਰ ਤੇ ਤਿੰਨ ਧੀਆਂ ਵੀ ਹੋਈਆਂ। 
14 ਅੱਯੂਬ ਨੇ ਪਹਿਲੀ ਧੀ ਦਾ ਨਾਮ ਯਮੀਮਾਹ ਰੱਖਿਆ। ਅੱਯੂਬ ਨੇ ਦੂਜੀ ਧੀ ਦਾ ਨਾਮ ਕਸੀਆਹ ਰੱਖਿਆ। ਅਤੇ ਅੱਯੂਬ ਨੇ ਤੀਜੀ ਧੀ ਦਾ ਨਾਮ ਕਰਨ-ਹੱਪੂਕ ਰੱਖਿਆ। 
15 ਅੱਯੂਬ ਦੀਆਂ ਧੀਆਂ ਸਾਰੇ ਦੇਸ਼ ਦੀਆਂ ਸਭ ਤੋਂ ਸੁੰਦਰ ਇਸਤ੍ਰੀਆਂ ਵਿੱਚੋਂ ਸਨ। ਅਤੇ ਅੱਯੂਬ ਨੇ ਆਪਣੀ ਜਾਇਦਾਦ ਦਾ ਇੱਕ ਹਿੱਸਾ ਆਪਣੀਆਂ ਧੀਆਂ ਨੂੰ ਵੀ ਦਿੱਤਾ, ਉਨ੍ਹਾਂ ਵਿੱਚੋਂ ਹਰ ਇੱਕ ਨੇ ਆਪਣੇ ਭਰਾਵਾਂ ਵਾਂਗ ਹੀ ਜਾਇਦਾਦ ਦਾ ਹਿੱਸਾ ਪ੍ਰਾਪਤ ਕੀਤਾ। 
16 ਇਸ ਤਰ੍ਹਾਂ ਅੱਯੂਬ 140 ਵਰ੍ਹੇ ਹੋਰ ਜੀਵਿਆ। ਉਸ ਨੇ ਆਪਣੇ ਬੱਚਿਆਂ ਆੱਪਣੇ ਪੋਤਿਆਂ ਆਪਣੇ ਪੜ-ਪੋਤਿਆਂ ਅਤੇ ਆਪਣੀ ਚੌਥੀ ਪੀੜੀ ਨੂੰ ਵੀ ਦੇਖਿਆ। 
17 ਅੱਯੂਬ ਬਹੁਤ ਬਜ਼ੁਰਗ ਅਵਸਥਾ ਤੱਕ, ਇੱਕ ਅਜਿਹੇ ਆਦਮੀ ਵਾਂਗ ਜੀਵਿਆ ਜਿਸਨੇ ਇੱਕ ਚੰਗੀ ਅਤੇ ਲੰਮੀ ਉਮਰ ਭੋਗੀ ਹੋਵੇ।