ਇਸਰਾਏਲ ਬਚ ਜਾਵੇਗਾ 
52
1 ਜਾਗੋ! ਜਾਗੋ ਸੀਯੋਨ! 
ਆਪਣੇ ਬਸਤਰ ਪਹਿਨ! ਆਪਣੀ ਮਜ਼ਬੂਤੀ ਫ਼ੜ! 
ਪਵਿੱਤਰ ਯਰੂਸ਼ਲਮ ਉੱਠ ਖੜਾ ਹੋ। 
ਫ਼ੇਰ ਤੇਰੇ ਅੰਦਰ ਉਹ ਲੋਕ ਦਾਖਲ ਨਹੀਂ ਹੋਣਗੇ ਜਿਨ੍ਹਾਂ ਪਰਮੇਸ਼ੁਰ ਦੀ ਅਗਵਾਈ ਨਹੀਂ ਮੰਨੀ। 
ਉਹ ਲੋਕ ਸ਼ੁਧ ਅਤੇ ਸਾਫ਼ ਨਹੀਂ ਹਨ। 
2 ਗਰਦ ਨੂੰ ਝਾੜ ਸੁੱਟ! ਆਪਣੀ ਅਦਭੁਤ ਪੁਸ਼ਾਕ ਪਹਿਨ ਲੈ! 
ਹੇ ਯਰੂਸ਼ਲਮ, ਸੀਯੋਨ ਦੀਏ ਧੀਏ, 
ਤੂੰ ਕੈਦੀ ਸੀ ਪਰ ਹੁਣ ਆਪਣੇ-ਆਪ ਨੂੰ ਉਨ੍ਹਾਂ ਜ਼ੰਜ਼ੀਰਾਂ ਤੋਂ ਅਜ਼ਾਦ ਕਰ ਲੈ ਜਿਹੜੀਆਂ ਤੇਰੀ ਧੌਣ ਦੁਆਲੇ ਹਨ! 
3 ਯਹੋਵਾਹ ਆਖਦਾ ਹੈ, 
“ਤੁਹਾਨੂੰ ਪੈਸਿਆਂ ਬਦਲੇ ਨਹੀਂ ਵੇਚਿਆ ਗਿਆ। 
ਇਸ ਲਈ ਮੈਂ ਤੁਹਾਨੂੰ ਸੁਤੰਤਰ ਕਰਨ ਲਈ ਪੈਸੇ ਦਾ ਇਸਤੇਮਾਲ ਨਹੀਂ ਕਰਾਂਗਾ।” 
4 ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ, “ਮੇਰੇ ਲੋਕ ਪਹਿਲਾਂ ਮਿਸਰ ਵੱਲ ਰਹਿਣ ਲਈ ਗਏ-ਤੇ ਫ਼ੇਰ ਉਹ ਗੁਲਾਮ ਬਣ ਗਏ। ਬਾਦ ਵਿੱਚ ਅੱਸ਼ੂਰ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ। 
5 ਹੁਣ ਦੇਖੋ ਕੀ ਵਾਪਰਿਆ ਹੈ! ਇੱਕ ਹੋਰ ਕੌਮ ਨੇ ਮੇਰੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੈ। ਉਸ ਦੇਸ਼ ਨੂੰ ਮੇਰੇ ਲੋਕਾਂ ਨੂੰ ਗੁਲਾਮ ਬਨਾਉਣ ਲਈ ਪੈਸਾ ਨਹੀਂ ਅਦਾ ਕਰਨਾ ਪਿਆ। ਇਹ ਕੌਮ ਮੇਰੇ ਲੋਕਾਂ ਉੱਤੇ ਹਕੂਮਤ ਕਰਦੀ ਹੈ ਅਤੇ ਉਨ੍ਹਾਂ ਉੱਤੇ ਹੱਸਦੀ ਹੈ। ਉਹ ਲੋਕ ਹਮੇਸ਼ਾ ਮੇਰੇ ਬਾਰੇ ਬੁਰਾ ਭਲਾ ਆਖਦੇ ਹਨ।” 
6 ਯਹੋਵਾਹ ਆਖਦਾ ਹੈ, “ਇਹ ਵਾਪਰਿਆ ਹੈ ਤਾਂ ਜੋ ਮੇਰੇ ਬੰਦੇ ਮੇਰੇ ਬਾਰੇ ਗਿਆਨ ਲੈ ਸੱਕਣ। ਮੇਰੇ ਬੰਦੇ ਜਾਣ ਲੈਣਗੇ ਕਿ ਮੈਂ ਕੀ ਹਾਂ। ਮੇਰੇ ਬੰਦੇ ਮੇਰਾ ਨਾਮ ਜਾਣ ਲੈਣਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਉਹ ਹਾਂ ਜਿਹੜਾ ਉਨ੍ਹਾਂ ਨਾਲ ਗੱਲ ਕਰ ਰਿਹਾ ਹੈ।” 
7 ਕਿਸੇ ਸੰਦੇਸ਼ਵਾਹਕ ਨੂੰ ਪਹਾੜੀ ਤੋਂ ਉੱਤਰ ਕੇ ਸ਼ੁਭ ਸਮਾਚਾਰ ਲਿਆਉਂਦਿਆਂ ਦੇਖਣਾ ਕਿੰਨਾ ਅਦਭੁਤ ਹੈ। ਸੰਦੇਸ਼ ਵਾਹਕ ਕੋਲੋਂ ਐਲਾਨ ਸੁਣਦਿਆਂ ਇਹ ਖੁਸ਼ੀ ਲਿਆਉਂਦਾ ਹੈ, “ਸੀਯੋਨ, ਇੱਥੇ ਅਮਨ ਹੈ! ਅਸੀਂ ਬਚ ਗਏ ਹਾਂ! ਤੁਹਾਡਾ ਪਰਮੇਸ਼ੁਰ ਰਾਜਾ ਹੈ।” 
8 ਸ਼ਹਿਰ ਦੇ ਪਹਿਰੇਦਾਰ ਹੋਕਰੇ ਦੇਣਾ ਸ਼ੁਰੂ ਕਰਦੇ ਹਨ। 
ਉਹ ਮਿਲਕੇ ਖੁਸ਼ੀ ਮਨਾ ਰਹੇ ਹਨ! 
ਕਿਉਂ ਕਿ ਉਨ੍ਹਾਂ ਵਿੱਚੋਂ ਹਰ ਕੋਈ, ਯਹੋਵਾਹ ਨੂੰ ਸੀਯੋਨ ਪਰਤਦਿਆਂ ਦੇਖਦਾ ਹੈ। 
9 ਯਰੂਸ਼ਲ਼ਮ, ਤੇਰੇ ਤਬਾਹ ਹੋਏ ਭਵਨ ਫ਼ੇਰ ਖੁਸ਼ੀ ਨਾਲ ਭਰਪੂਰ ਹੋਣਗੇ। 
ਤੁਸੀਂ ਸਾਰੇ ਮਿਲਕੇ ਖੁਸ਼ੀ ਮਨਾਓਗੇ, ਕਿਉਂ ਕਿ ਯਹੋਵਾਹ ਯਰੂਸ਼ਲਮ ਉੱਤੇ ਮਿਹਰਬਾਨ ਹੋਵੇਗਾ। 
ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ। 
10 ਯਹੋਵਾਹ ਆਪਣੀ ਪਵਿੱਤਰ ਸ਼ਕਤੀ ਸਮੂਹ ਕੌਮਾਂ ਨੂੰ ਦਰਸਾਏਗਾ। 
ਦੂਰ-ਦੁਰਾਡੇ ਦੇ ਸਾਰੇ ਦੇਸ਼ ਦੇਖਣਗੇ ਕਿ ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕਿਵੇਂ ਬਚਾਉਂਦਾ ਹੈ। 
11 ਤੁਹਾਨੂੰ ਲੋਕਾਂ ਨੂੰ, ਓਬੋਁ ਚੱਲੇ ਜਾਣਾ ਚਾਹੀਦਾ ਹੈ 
ਆਪਣੀ ਗੁਲਾਮੀ ਤੋਂ ਵੱਖ ਹੋ ਜਾਣਾ ਚਾਹੀਦਾ ਹੈ! 
ਜਾਜਕੋ, ਤੁਸੀਂ ਚੁੱਕੀਆਂ ਹੋਈਆਂ ਨੇ ਉਹ ਵਸਤਾਂ ਜਿਹੜੀਆਂ ਉਪਾਸਨਾ ਲਈ ਵਰਤੀਆਂ ਜਾਂਦੀਆਂ ਨੇ। 
ਇਸ ਲਈ ਆਪਣੇ-ਆਪ ਨੂੰ ਸ਼ੁਧ ਬਣਾਓ। 
ਓਸ ਸ਼ੈਅ ਨੂੰ ਛੂਹੋ ਨਾ ਜਿਹੜੀ ਅਪਵਿੱਤਰ ਹੈ। 
12 ਤੁਸੀਂ ਆਪਣੀ ਅਧੀਨਗੀ ਨੂੰ ਛੱਡ ਦਿਓਗੇ। 
ਪਰ ਉਹ ਛੱਡਣ ਲਈ ਮਜ਼ਬੂਰ ਨਹੀਂ ਕਰਨਗੇ ਉਹ ਕਾਹਲੀ ਵਿੱਚ। 
ਤੁਹਾਨੂੰ ਭੱਜਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ। 
ਤੁਸੀਂ ਤੁਰ ਜਾਓਗੇ, ਤੇ ਯਹੋਵਾਹ ਤੁਹਾਡੇ ਨਾਲ ਚੱਲੇਗਾ। 
ਯਹੋਵਾਹ ਤੁਹਾਡੇ ਅੱਗੇ-ਅੱਗੇ ਹੋਵੇਗਾ, 
ਅਤੇ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਿੱਛੇ-ਪਿੱਛੇ ਹੋਵੇਗਾ। 
ਪਰਮੇਸ਼ੁਰ ਦਾ ਦੁੱਖੀ ਸੇਵਕ 
13 “ਮੇਰੇ ਸੇਵਕ ਵੱਲ ਦੇਖੋ। ਉਹ ਬਹੁਤ ਕਾਮਯਾਬ ਹੋਵੇਗਾ। ਉਹ ਬਹੁਤ ਮਹ੍ਹਤਵਪੂਰਣ ਹੋਵੇਗਾ, ਭਵਿੱਖ ਵਿੱਚ ਲੋਕ ਉਸਦਾ ਆਦਰ ਕਰਨਗੇ ਅਤੇ ਉਸ ਨੂੰ ਇੱਜ਼ਤ ਦੇਣਗੇ। 
14 “ਪਰ ਬਹੁਤੇ ਲੋਕ ਪਰੇਸ਼ਾਨ ਹੋਏ ਸਨ ਜਦੋਂ ਉਨ੍ਹਾਂ ਨੇ ਮੇਰੇ ਸੇਵਕ ਨੂੰ ਦੇਖਿਆ ਸੀ। ਉਹ ਇੰਨੀ ਬੁਰੀ ਤਰ੍ਹਾਂ ਦੁੱਖੀ ਸੀ ਕਿ ਉਹ ਉਸ ਨੂੰ ਮਨੁੱਖ ਵਜੋਂ ਮੁਸ਼ਕਿਲ ਨਾਲ ਪਛਾਣ ਸੱਕਦੇ ਸਨ। 
15 ਪਰ ਹੋਰ ਬਹੁਤ ਸਾਰੇ ਬੰਦੇ ਵੀ ਹੈਰਾਨ ਹੋਣਗੇ। ਰਾਜੇ ਉਸ ਨੂੰ ਦੇਖਣਗੇ, ਹੈਰਾਨ ਹੋਣਗੇ, ਅਤੇ ਇੱਕ ਸ਼ਬਦ ਵੀ ਨਹੀਂ ਬੋਲ ਸੱਕਣਗੇ। ਉਹ ਲੋਕ ਮੇਰੇ ਸੇਵਕ ਬਾਰੇ ਕਹਾਣੀ ਨਹੀਂ ਸੁਣਨਗੇ। ਉਨ੍ਹਾਂ ਨੇ ਦੇਖਿਆ ਸੀ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਕਹਾਣੀ ਨਹੀਂ ਸੁਣੀ ਸੀ ਪਰ ਉਨ੍ਹਾਂ ਨੇ ਸਮਝ ਲਿਆ ਸੀ।”