ਪਰਮੇਸ਼ੁਰ ਇਸਰਾਏਲ ਨੂੰ ਮੁਕਤ ਕਰਨ ਲਈ ਖੋਰੁਸ ਨੂੰ ਚੁਣਦਾ ਹੈ 
45
1 ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਆਪਣੇ ਚੁਣੇ ਹੋਏ ਰਾਜੇ, ਖੋਰੁਸ, ਬਾਰੇ ਆਖਦਾ ਹੈ। 
“ਮੈਂ ਖੋਰੁਸ ਦਾ ਸੱਜਾ ਹੱਥ ਫ਼ੜਾਂਗਾ। 
ਮੈਂ ਰਾਜਿਆਂ ਕੋਲੋਂ ਸ਼ਕਤੀ ਖੋਹਣ ਵਿੱਚ ਉਸਦੀ ਸਹਾਇਤਾ ਕਰਾਂਗਾ। 
ਸ਼ਹਿਰ ਦੇ ਦਰਵਾਜ਼ੇ ਖੋਰੁਸ ਨੂੰ ਨਹੀਂ ਰੋਕਣਗੇ। 
ਮੈਂ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿਆਂਗਾ, ਅਤੇ ਖੋਰੁਸ ਅੰਦਰ ਚੱਲਾ ਜਾਵੇਗਾ।” 
2 “ਖੋਰੁਸ ਤੇਰੀਆਂ ਫੌਜਾਂ ਧਾਵਾ ਬੋਲਣਗੀਆਂ ਅਤੇ ਮੈਂ ਤੇਰੇ ਅੱਗੇ ਚੱਲਾਂਗਾ। 
ਮੈਂ ਪਰਬਤਾਂ ਨੂੰ ਪੱਧਰਾ ਕਰ ਦਿਆਂਗਾ। 
ਮੈਂ ਸ਼ਹਿਰ ਦੇ ਤਾਂਬੇ ਦੇ ਦਰਵਾਜ਼ਿਆਂ ਨੂੰ ਭੰਨ ਦਿਆਂਗਾ। 
ਮੈਂ ਦਰਵਾਜ਼ਿਆਂ ਤੇ ਲੱਗੀਆਂ ਲੋਹੇ ਦੀਆਂ ਛੜਾਂ ਨੂੰ ਤੋੜ ਦਿਆਂਗਾ। 
3 ਮੈਂ ਤੈਨੂੰ ਦੌਲਤ ਦਿਆਂਗਾ, ਜਿਹੜੀ ਹਨੇਰੇ ਵਿੱਚ ਬਚਾ ਕੇ ਰੱਖੀ ਗਈ ਹੈ। 
ਮੈਂ ਤੈਨੂੰ ਉਹ ਲੁਕਵੀਆਂ ਦੌਲਤਾਂ ਦਿਆਂਗਾ। 
ਮੈਂ ਇਹ ਇਸ ਲਈ ਕਰਾਂਗਾ ਤਾਂ ਜੋ ਤੂੰ ਜਾਣ ਜਾਵੇਂ ਕਿ ਮੈਂ ਹੀ ਯਹੋਵਾਹ ਹਾਂ। 
ਮੈਂ ਇਸਰਾਏਲ ਦਾ ਪਰਮੇਸ਼ੁਰ ਹਾਂ, ਅਤੇ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ! 
4 ਇਹ ਗੱਲਾਂ ਮੈਂ ਆਪਣੇ ਸੇਵਕ ਯਾਕੂਬ ਲਈ ਕਰ ਰਿਹਾ ਹਾਂ। 
ਮੈਂ ਇਹ ਗੱਲਾਂ ਕਰਦਾ ਹਾਂ ਆਪਣੇ ਚੁਣੇ ਹੋਏ ਲੋਕਾਂ ਲਈ, ਇਸਰਾਏਲ ਲਈ। 
(ਖੋਰੁਸ) ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ। 
ਤੂੰ ਮੈਨੂੰ ਨਹੀਂ ਜਾਣਦਾ। 
ਪਰ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ। 
5 ਮੈਂ ਯਹੋਵਾਹ ਹਾਂ! ਮੈਂ ਹੀ ਇੱਕ ਪਰਮੇਸ਼ੁਰ ਹਾਂ। 
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। 
ਮੈਂ ਤੈਨੂੰ ਤਾਕਤਵਰ ਬਣਾਵਾਂਗਾ, 
ਭਾਵੇਂ ਤੂੰ ਮੈਨੂੰ ਨਹੀਂ ਜਾਣਦਾ। 
6 ਮੈਂ ਇਹ ਗੱਲਾਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਸਾਰੇ ਲੋਕ ਜਾਣ ਲੈਣ 
ਕਿ ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ। 
ਪੂਰਬ ਤੋਂ ਪੱਛਮ ਤੱਕ ਲੋਕ ਜਾਣ ਲੈਣਗੇ ਕਿ ਮੈਂ ਹੀ ਯਹੋਵਾਹ ਹਾਂ, 
ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। 
7 ਮੈਂ ਨੂਰ ਨੂੰ ਸਾਜਿਆ ਸੀ ਅਤੇ ਮੈਂ ਹਨੇਰੇ ਨੂੰ ਸਾਜਿਆ ਸੀ। 
ਮੈਂ ਅਮਨ ਸਬਾਪਿਤ ਕਰਦਾ ਹਾਂ, ਅਤੇ ਮੈਂ ਹੀ ਮੁਸੀਬਤਾਂ ਪੈਦਾ ਕਰਦਾ ਹਾਂ। 
ਮੈਂ ਹੀ ਯਹੋਵਾਹ ਹਾਂ-ਅਤੇ ਮੈਂ ਹੀ ਇਹ ਸਾਰੀਆਂ ਗੱਲਾਂ ਕਰਦਾ ਹਾਂ। 
8 “ਕਾਸ਼, ਉੱਪਰ ਅਕਾਸ਼ਾਂ ਦੇ ਬੱਦਲ ਧਰਤੀ ਉੱਤੇ ਨੇਕੀ, 
ਵਰੱਖਾ ਵਾਂਗ ਵਰ੍ਹਾਉਣ! 
ਕਾਸ਼, ਧਰਤੀ ਖੁਲ੍ਹ ਜਾਵੇ ਅਤੇ ਮੁਕਤੀ ਵੱਧੇ ਫ਼ੁੱਲੇ! 
ਮੈਂ, ਪਰਮੇਸ਼ਰ ਨੇ, ਇਹ ਸਭ ਕੁਝ ਸਾਜਿਆ।” 
ਪਰਮੇਸ਼ੁਰ ਆਪਣੀ ਸ਼੍ਰਿਸ਼ਟੀ ਉੱਤੇ ਕਾਬੂ ਰੱਖਦਾ ਹੈ 
9 “ਇਨ੍ਹਾਂ ਲੋਕਾਂ ਵੱਲ ਦੇਖੋ! ਇਹ ਉਸ ਨਾਲ ਦਲੀਲਾਂ ਕਰ ਰਹੇ ਹਨ ਜਿਸਨੇ ਉਨ੍ਹਾਂ ਨੂੰ ਸਾਜਿਆ ਸੀ। ਉਨ੍ਹਾਂ ਨੂੰ ਮੇਰੇ ਨਾਲ ਦਲੀਲਾਂ ਕਰਦੇ ਹੋਏ ਦੇਖੋ! ਉਹ ਮਿੱਟੀ ਦੇ ਟੁੱਟੇ ਹੋਏ ਬਰਤਨ ਦੇ ਟੁਕੜਿਆਂ ਵਰਗੇ ਹਨ। ਬੰਦਾ ਨਰਮ ਅਤੇ ਗਿੱਲੀ ਮਿੱਟੀ ਨੂੰ ਬਰਤਨ ਬਨਾਉਣ ਲਈ ਇਸਤੇਮਾਲ ਕਰਦਾ ਹੈ। ਅਤੇ ਮਿੱਟੀ ਇਹ ਨਹੀਂ ਪੁੱਛਦੀ, ‘ਬੰਦਿਆ, ਤੂੰ ਕੀ ਕਰ ਰਿਹਾ ਹੈਂ?’ ਉਹ ਚੀਜ਼ਾਂ ਜਿਹੜੀਆਂ ਬਣਾਈਆਂ ਗਈਆਂ ਹੁੰਦੀਆਂ ਹਨ, ਉਨ੍ਹਾਂ ਕੋਲ ਇਹ ਪੁੱਛਣ ਦੀ ਸ਼ਕਤੀ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਕੌਣ ਬਣਾਉਂਦਾ ਹੈ। ਲੋਕ ਇਸ ਮਿੱਟੀ ਵਰਗੇ ਹਨ। 
10 ਇੱਕ ਪਿਤਾ ਆਪਣੇ ਬੰਦਿਆਂ ਨੂੰ ਜਨਮ ਦਿੰਦਾ ਹੈ। ਅਤੇ ਬੱਚੇ ਇਹ ਨਹੀਂ ਪੁੱਛ ਸੱਕਦੇ, ‘ਤੁਸੀਂ ਮੈਨੂੰ ਜੀਵਨ ਕਿਉਂ ਦੇ ਰਹੇ ਹੋ?’ ਬੱਚੇ ਆਪਣੀ ਮਾਂ ਨੂੰ ਇਹ ਪ੍ਰਸ਼ਨ ਨਹੀਂ ਕਰ ਸੱਕਦੇ, ‘ਤੂੰ ਮੈਨੂੰ ਕਿਉਂ ਜਨਮ ਦੇ ਰਹੀ ਹੈਂ?’” 
11 ਯਹੋਵਾਹ ਪਰਮੇਸ਼ੁਰ ਇਸਰਾਏਲ ਦਾ ਪਵਿੱਤਰ ਪੁਰੱਖ ਹੈ। ਉਸ ਨੇ ਇਸਰਾਏਲ ਨੂੰ ਸਾਜਿਆ ਸੀ। ਅਤੇ ਯਹੋਵਾਹ ਆਖਦਾ ਹੈ, 
“ਮੇਰੇ ਪੁੱਤਰੋ, ਤੁਸੀਂ ਮੈਨੂੰ ਸੰਕੇਤ ਦੇਣ ਲਈ ਆਖਿਆ ਸੀ। 
ਤੁਸੀਂ ਮੈਨੂੰ ਉਹ ਗੱਲਾਂ ਦਰਸਾਉਣ ਲਈ ਆਖਿਆ ਸੀ ਜਿਹੜੀਆਂ ਮੈਂ ਕੀਤੀਆਂ ਹਨ। 
12 ਇਸ ਲਈ ਦੇਖੋ! ਮੈਂ ਧਰਤੀ ਨੂੰ ਸਾਜਿਆ ਸੀ। 
ਅਤੇ ਮੈਂ ਇਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਜਿਆ ਸੀ। 
ਮੈਂ ਆਪਣੇ ਹੀ ਹੱਥਾਂ ਦੀ ਵਰਤੋਂ ਕੀਤੀ ਸੀ ਅਤੇ ਸਾਜਿਆ ਸੀ ਅਕਾਸ਼ਾਂ ਨੂੰ। 
ਅਤੇ ਮੈਂ ਆਦੇਸ਼ ਦਿੰਦਾ ਹਾਂ ਅਕਾਸ਼ ਦੀਆਂ ਸਮੂਹ ਫ਼ੌਜਾਂ ਨੂੰ। 
13 ਮੈਂ ਖੋਰੁਸ ਨੂੰ ਉਸਦੀ ਸ਼ਕਤੀ ਦਿੱਤੀ ਸੀ, ਤਾਂ ਜੋ ਉਹ ਨੇਕ ਗੱਲਾਂ ਕਰ ਸੱਕੇ। 
ਅਤੇ ਮੈਂ ਉਸ ਦੇ ਕਾਰਜ ਨੂੰ ਅਸਾਨ ਬਣਾ ਦਿਆਂਗਾ। 
ਖੋਰੁਸ ਫ਼ੇਰ ਮੇਰੇ ਸ਼ਹਿਰ ਨੂੰ ਉਸਾਰੇਗਾ। 
ਅਤੇ ਉਹ ਮੇਰੇ ਬੰਦਿਆਂ ਨੂੰ ਮੁਕਤੀ ਦੇਵੇਗਾ। 
ਖੋਰੁਸ ਮੇਰੇ ਬੰਦਿਆਂ ਨੂੰ ਮੈਨੂੰ ਨਹੀਂ ਵੇਚੇਗਾ। 
ਉਹ ਮੇਰੇ ਜਲਾਵਤਨੀ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ 
ਅਤੇ ਮੈਨੂੰ ਉਸ ਨੂੰ ਇਹ ਗੱਲਾਂ ਕਰਨ ਲਈ ਅਦਾਇਗੀ ਜਾਂ ਇਨਾਮ ਨਹੀਂ ਦੇਣਾ ਪਵੇਗਾ।” 
ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ ਸਨ। 
14 ਯਹੋਵਾਹ ਆਖਦਾ ਹੈ, “ਮਿਸਰ ਤੇ ਇਬੋਪੀਆ ਅਮੀਰ ਹਨ, 
ਪਰ ਹੇ ਇਸਰਾਏਲ ਇਹ ਦੌਲਤਾਂ ਤੈਨੂੰ ਮਿਲਣਗੀਆਂ। 
ਸੇਬਾ ਦੇ ਲੰਮੇ ਕਦ੍ਦ ਵਾਲੇ ਲੋਕ ਤੇਰੇ ਹੋਣਗੇ, 
ਉਹ ਆਪਣੀਆਂ ਗਰਦਨਾਂ ਵਿੱਚ ਪਾਈਆਂ ਹੋਈਆਂ ਜ਼ੰਜ਼ੀਰਾਂ ਸੰਗ ਚੱਲਣਗੇ। 
ਉਹ ਤੇਰੇ ਸਾਹਮਣੇ ਝੁਕਣਗੇ 
ਅਤੇ ਉਹ ਤੇਰੇ ਸਾਹਮਣੇ ਪ੍ਰਾਰਥਨਾ ਕਰਨਗੇ।” 
ਇਸਰਾਏਲ ਪਰਮੇਸ਼ੁਰ ਤੇਰੇ ਨਾਲ ਹੈ। 
ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ। 
15 ਹੇ ਪਰਮੇਸ਼ੁਰ, ਤੁਸੀਂ ਹੀ ਉਹ ਪਰਮੇਸ਼ੁਰ ਹੋ ਜਿਸ ਨੂੰ ਲੋਕ ਨਹੀਂ ਦੇਖ ਸੱਕਦੇ। 
ਤੁਸੀਂ ਹੀ ਇਸਰਾਏਲ ਦੇ ਰੱਖਿਅਕੱ ਹੋ। 
16 ਬਹੁਤੇ ਲੋਕ ਝੂਠੇ ਦੇਵਤੇ ਬਣਾਉਂਦੇ ਨੇ। 
ਪਰ ਉਹ ਲੋਕ ਨਿਰਾਸ਼ ਹੋਣਗੇ। 
ਉਹ ਸਾਰੇ ਲੋਕ ਸ਼ਰਮਸਾਰ ਹੋਕੇ ਚੱਲੇ ਜਾਣਗੇ। 
17 ਪਰ ਯਹੋਵਾਹ ਇਸਰਾਏਲ ਨੂੰ ਬਚਾਵੇਗਾ 
ਉਹ ਮੁਕਤੀ ਸਦਾ ਵਾਸਤੇ ਹੋਵੇਗੀ। 
ਇਸਰਾਏਲ ਫ਼ੇਰ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ। 
18 ਯਹੋਵਾਹ ਪਰਮੇਸ਼ੁਰ ਹੈ। 
ਉਸ ਨੇ ਧਰਤੀ ਅਤੇ ਅਕਾਸ਼ਾਂ ਨੂੰ ਸਾਜਿਆ ਸੀ। 
ਯਹੋਵਾਹ ਨੇ ਧਰਤੀ ਨੂੰ ਉਸਦੀ ਬਾਵੇਂ ਰੱਖ ਦਿੱਤਾ ਸੀ। 
ਯਹੋਵਾਹ ਨੇ ਧਰਤੀ ਨੂੰ ਸੱਖਣਾ ਹੋਣਾ ਨਹੀਂ ਚਾਹਿਆ ਸੀ ਜਦੋਂ ਉਸ ਨੇ ਇਸ ਨੂੰ ਸਾਜਿਆ ਸੀ। 
ਉਸ ਨੇ ਇਸ ਨੂੰ ਸਦਾ ਜਿਉਣ ਲਈ ਸਾਜਿਆ ਸੀ। 
“ਮੈਂ ਹੀ ਯਹੋਵਾਹ ਹਾਂ, 
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ। 
19 ਮੈਂ ਗੁਪਰ ਰੂਪ ਵਿੱਚ ਨਹੀਂ ਬੋਲਿਆ ਸੀ। 
ਮੈਂ ਗੁਪਤ ਰੂਪ ਵਿੱਚ ਆਖਿਆ ਹੈ। 
ਮੈਂ ਖੁਲ੍ਹੇ-ਆਮ ਆਖਿਆ ਹੈ। 
ਮੈਂ ਆਪਣੇ ਸ਼ਬਦ, ਦੁਨੀਆਂ ਦੀ ਹਨੇਰੀ ਬਾਵੇਂ ਨਹੀਂ ਛੁਪਾਏ ਸਨ। 
ਮੈਂ ਯਾਕੂਬ ਦੇ ਲੋਕਾਂ ਨੂੰ ਨਹੀਂ ਆਖਿਆ ਸੀ ਕਿ 
ਉਹ ਮੈਨੂੰ ਖਾਲੀ ਥਾਵਾਂ ਅੰਦਰ ਦੇਖਣ। 
ਮੈਂ ਹੀ ਯਹੋਵਾਹ ਹਾਂ, ਅਤੇ ਮੈਂ ਸੱਚ ਬੋਲਦਾ ਹਾਂ। 
ਮੈਂ ਉਹੀ ਗੱਲਾਂ ਆਖਦਾ ਹਾਂ, ਜੋ ਸਹੀ ਹਨ।” 
ਯਹੋਵਾਹ ਪ੍ਰਮਾਣ ਦਿੰਦਾ ਹੈ ਕਿ ਉਹੀ ਇੱਕੋ ਇੱਕ ਪਰਮੇਸ਼ੁਰ ਹੈ 
20 “ਤੁਸੀਂ ਲੋਕ ਹੋਰਨਾਂ ਕੌਮਾਂ ਤੋਂ ਬਚ ਗਏ ਹੋ। ਇਸ ਲਈ ਇਕੱਠੇ ਹੋ ਜਾਓ ਅਤੇ ਮੇਰੇ ਪਾਸ ਆਓ। (ਇਨ੍ਹਾਂ ਲੋਕਾਂ ਨੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਇਹ ਲੋਕ ਉਨ੍ਹਾਂ ਨਿਕੰਮੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। 
21 ਇਨ੍ਹਾਂ ਲੋਕਾਂ ਨੂੰ ਆਖੋ ਕਿ ਮੇਰੇ ਕੋਲ ਆ ਜਾਣ। ਉਨ੍ਹਾਂ ਨੂੰ ਆਪਣਾ ਪੱਖ ਦੱਸਣ ਦਿਓ ਅਤੇ ਇਨ੍ਹਾਂ ਗੱਲਾਂ ਬਾਰੇ ਬਹਿਸ ਕਰਨ ਦਿਓ।) 
“ਬਹੁਤ ਚਿਰ ਪਹਿਲਾਂ ਵਾਪਰੀਆਂ ਗੱਲਾਂ ਬਾਰੇ ਤੁਹਾਨੂੰ ਕਿਸਨੇ ਦੱਸਿਆ? ੱਬਹੁਤ ਚਿਰ ਪਹਿਲਾਂ ਤੋਂ ਤੁਹਾਨੂੰ ਇਹ ਗੱਲਾਂ ਕੌਣ ਦਸਦਾ ਰਿਹਾ ਹੈ? ਮੈਂ, ਯਹੋਵਾਹ ਹੀ, ਉਹ ਹਾਂ ਜਿਸਨੇ ਇਹ ਗੱਲਾਂ ਆਖੀਆਂ। ਮੈਂ ਹੀ ਇੱਕੋ ਹੀ ਇੱਕ ਪਰਮੇਸ਼ੁਰ ਹਾਂ। ਕੀ ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਹੈ? ਕੀ ਇੱਥੇ ਕੋਈ ਦੂਸਰਾ ਨੇਕ ਪਰਮੇਸ਼ੁਰ ਹੈ? ਕੀ ਇੱਥੇ ਕੋਈ ਹੋਰ ਪਰਮੇਸ਼ੁਰ ਹੈ ਜਿਹੜਾ ਆਪਣੇ ਬੰਦਿਆਂ ਨੂੰ ਬਚਾਉਂਦਾ ਹੈ? ਨਹੀਂ! ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ! 
22 ਦੂਰ-ਦੂਰ ਦੇ ਤੁਹਾਨੂੰ ਸਮੂਹ ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਝੂਠੇ ਦੇਵਤਿਆਂ ਦੇ ਪਿੱਛੇ ਲੱਗਣ ਤੋਂ ਹਟ ਜਾਓ। ਤੁਹਾਨੂੰ ਚਾਹੀਦਾ ਹੈ ਕਿ ਮੇਰੇ ਪਿੱਛੇ ਲੱਗੋ ਅਤੇ ਬਚ ਜਾਓ। ਮੈਂ ਪਰਮੇਸ਼ੁਰ ਹਾਂ। ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ। 
23 “ਮੈਂ ਇਹ ਇਕਰਾਰ ਖੁਦ ਆਪਣੀ ਸ਼ਕਤੀ ਨਾਲ ਕਰਦਾ ਹਾਂ। ਅਤੇ ਜਦੋਂ ਮੈਂ ਕੋਈ ਇਕਰਾਰ ਕਰਦਾ ਹਾਂ, ਉਹ ਇਕਰਾਰ ਸੱਚਾ ਹੁੰਦਾ ਹੈ। ਜਿਹੜੀ ਗੱਲ ਦਾ ਮੈਂ ਇਕਰਾਰ ਕਰਦਾ ਹਾਂ ਉਹ ਜ਼ਰੂਰ ਵਾਪਰੇਗੀ: ਅਤੇ ਮੈਂ ਇਕਰਾਰ ਕਰਦਾ ਹਾਂ ਕਿ ਹਰ ਬੰਦਾ ਮੇਰੇ (ਪਰਮੇਸ਼ੁਰ ਦੇ) ਅੱਗੇ ਝੁਕੇਗਾ। ਅਤੇ ਹਰ ਬੰਦਾ ਮੇਰੇ ਪਿੱਛੇ ਲੱਗਣ ਦਾ ਇਕਰਾਰ ਕਰੇਗਾ। 
24 ਲੋਕ ਆਖਣਗੇ, ‘ਨੇਕੀ ਅਤੇ ਸ਼ਕਤੀ ਸਿਰਫ਼ ਯਹੋਵਾਹ ਵੱਲੋਂ ਆਉਂਦੀ ਹੈ।’” 
ਕੁਝ ਲੋਕ ਯਹੋਵਾਹ ਉੱਤੇ ਨਾਰਾਜ਼ ਹਨ। ਪਰ ਯਹੋਵਾਹ ਦੇ ਗਵਾਹ ਆਉਣਗੇ ਅਤੇ ਉਨ੍ਹਾਂ ਗੱਲਾਂ ਬਾਰੇ ਦੱਸਣਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਹਨ। ਇਸ ਲਈ ਉਹ ਨਾਰਾਜ਼ ਲੋਕ ਸ਼ਰਮਸਾਰ ਹੋ ਜਾਣਗੇ। 
25 ਯਹੋਵਾਹ ਇਸਰਾਏਲ ਦੇ ਲੋਕਾਂ ਦੀ ਨੇਕੀ ਕਰਨ ਵਿੱਚ ਸਹਾਇਤਾ ਕਰੇਗਾ, ਅਤੇ ਲੋਕ ਆਪਣੇ ਪਰਮੇਸ਼ੁਰ ਉੱਤੇ ਬਹੁਤ ਮਾਣ ਕਰਨਗੇ।