7
1 “ਮੈਂ ਇਸਰਾਏਲ ਨੂੰ ਤੰਦਰੁਸਤ ਕਰਾਂਗਾ, 
ਫ਼ੇਰ ਅਫ਼ਰਾਈਮ ਦੇ ਪਾਪ ਪਰਗਟ ਕੀਤੇ ਜਾਣਗੇ। 
ਲੋਕ ਸਾਮਰਿਯਾ ਦੇ ਪਾਪਾਂ ਬਾਰੇ ਵੀ ਜਾਣ ਲੈਣਗੇ। 
ਉਹ ਸਾਮਰਿਯਾ ਦੇ ਕਪਟ ਅਤੇ ਸਾਮਰਿਯਾ ਵਿੱਚ ਆਉਂਦੇ ਅਤੇ ਬਾਹਰ ਜਾਂਦੇ ਚੋਰਾਂ ਬਾਰੇ ਜਾਣ ਲੈਣਗੇ। 
2 ਉਨ੍ਹਾਂ ਨੂੰ ਇਹ ਯਕੀਨ ਨਹੀਂ ਕਿ ਮੈਂ ਉਨ੍ਹਾਂ ਦੇ ਪਾਪ ਯਾਦ ਰੱਖਦਾ 
ਜੋ ਪਾਪ ਉਨ੍ਹਾਂ ਨੇ ਕੀਤੇ ਸਾਰੀਁ ਪਾਸੀਂ ਫ਼ੈਲ ਗਏ ਹਨ। 
ਮੈਂ ਉਨ੍ਹਾਂ ਦੇ ਪਾਪ ਸਾਫ਼-ਸਾਫ਼ ਵੇਖ ਸੱਕਦਾ ਹਾਂ। 
3 ਉਹ ਆਪਣੀਆਂ ਬਦੀਆਂ ਨਾਲ ਪਾਤਸ਼ਾਹ ਨੂੰ ਖੁਸ਼ ਕਰਦੇ ਹਨ 
ਆਪਣੇ ਝੂਠਾਂ ਨਾਲ ਆਗੂਆਂ ਨੂੰ ਖੁਸ਼ ਕਰਦੇ ਹਨ। 
4 ਉਹ ਸਾਰੇ ਬਦਕਾਰ ਹਨ। 
ਉਹ ਨਾਨਬਾਈ ਦੁਆਰਾ ਗਰਮ ਕੀਤੇ ਹੋਏ ਇੱਕ ਤੰਦੂਰ ਵਾਂਗ ਹਨ। 
ਉਹ ਆਟੇ ਨੂੰ ਗੁਂਨਣ ਤੋਂ ਲੈ ਕੇ ਇਸ ਦੇ ਉਫ਼ਾਨ ਦੇ ਸਮੇਂ ਤੀਕ ਅੱਗ ਨੂੰ ਨਹੀਂ 
ਹਿਲਾਉਂਦਾ ਪਰ ਤੰਦੂਰ ਗਰਮ ਰਹਿੰਦਾ ਹੈ। 
5 ਸਾਡੇ ਪਾਤਸ਼ਾਹ ਦੇ ਦਿਨ, ਉਹ ਅੱਗ ਨੂੰ ਹੋਰ ਵੀ ਤਪਾਉਂਦੇ ਹਨ। 
ਉਹ ਪੀਣ ਦੀਆਂ ਦਾਅਵਤਾਂ ਦਿੰਦੇ ਹਨ। 
ਆਗੂ ਮੈਅ ਦੀ ਗਰਮੀ ਨਾਲ ਬੀਮਾਰ ਹੋ ਜਾਂਦੇ ਹਨ 
ਅਤੇ ਰਾਜੇ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ ਜੋ ਪਰਮੇਸ਼ੁਰ ਦਾ ਮਜ਼ਾਕ ਉਡਾਉਂਦੇ ਹਨ। 
6 ਲੋਕ ਗੁਪਤ ਵਿਉਂਤਾ ਬਣਾਉਂਦੇ ਹਨ। 
ਉਨ੍ਹਾਂ ਦੇ ਦਿਲ ਉੱਤੇਜਨਾ ਦੀ ਅੱਗ ਨਾਲ ਬਲਦੇ ਹਨ। 
ਤੇ ਸਾਰੀ ਰਾਤ ਉਨ੍ਹਾਂ ਦੀ ਉੱਤੇਜਨਾ ਬਲਦੀ ਹੈ 
ਤੇ ਦਿਨ ਚਢ਼ਨ ਤੀਕ ਇਹ ਮੱਚਦੀ ਅੱਗ ਦੇ ਗੋਲੇ ਵਾਂਗ ਹੁੰਦੀ ਹੈ। 
7 ਉਹ ਸਭ ਭਖੇ ਤੰਦੂਰ ਵਾਂਗਰਾਂ 
ਉਨ੍ਹਾਂ ਆਪਣੇ ਸ਼ਾਸਕ ਨਸ਼ਟ ਕੀਤੇ 
ਉਨ੍ਹਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ 
ਪਰ ਕਿਸੇ ਇੱਕ ਨੇ ਵੀ ਮੈਨੂੰ ਨਾ ਪੁਕਾਰਿਆ।” 
ਇਸਰਾਏਲ ਨਹੀਂ ਜਾਣਦੀ ਕਿ ਇਹ ਤਬਾਹ ਹੋ ਜਾਵੇਗੀ 
8 “ਅਫ਼ਰਾਈਮ ਹੋਰਨਾਂ ਕੌਮਾਂ ਨਾਲ ਰਲ ਜਾਂਦਾ 
ਉਹ ਇੱਕ ਪੂਰੀ ਤਰ੍ਹਾਂ ਨਾ ਪੱਕੇ ਹੋਏ ਕੇਕ ਵਰਗਾ ਹੈ। 
9 ਅਜਨਬੀ ਉਸਦੀ ਸ਼ਕਤੀ ਲੁਟ ਲਿਜਾਂਦੇ ਹਨ 
ਪਰ ਉਹ ਇਸ ਨੂੰ ਮਹਿਸੂਸ ਨਹੀਂ ਕਰਦਾ। 
ਉਸ ਦੇ ਧੌਲੇ ਆਉਣ ਲੱਗ ਪਏ ਹਨ, 
ਪਰ ਉਹ ਇਸ ਨੂੰ ਮਹਿਸੂਸ ਨਹੀਂ ਕਰਦਾ। 
10 ਅਫ਼ਰਾਈਮ ਦਾ ਹਂਕਾਰ ਉਸ ਦੇ ਹੀ ਵਿਰੁੱਧ ਬੋਲਦਾ ਹੈ। 
ਲੋਕਾਂ ਨੂੰ ਇੰਨੀਆਂ ਦੁੱਖ ਅਤੇ ਤਕਲੀਫ਼ਾਂ ਹਨ 
ਪਰ ਫ਼ਿਰ ਵੀ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ 
ਪਰਤ ਕੇ ਮਦਦ ਲਈ ਨਹੀਂ ਪੁਕਾਰਦੇ। 
11 ਇਉਂ ਅਫ਼ਰਾਈਮ ਇੱਕ ਬੇਵਕੂਫ਼, ਅਤੇ ਸੂਝਹੀਣ ਕਬੂਤਰ ਵਰਗਾ ਬਣ ਗਿਆ ਹੈ! 
ਉਹ ਮਦਦ ਲਈ ਮਿਸਰ ਨੂੰ ਪੁਕਾਰਦੇ ਹਨ 
ਅਤੇ ਮਦਦ ਲਈ ਅੱਸ਼ੂਰ ਨੂੰ ਜਾਂਦੇ ਹਨ। 
12 ਇਹ ਇਨ੍ਹਾਂ ਦੇਸਾਂ ਕੋਲ ਸਹਾਇਤਾ ਲਈ ਜਾਂਦੇ ਹਨ 
ਪਰ ਮੈਂ ਆਪਣਾ ਜਾਲ ਉਨ੍ਹਾਂ ਉੱਪਰ ਵਿਛਾਵਾਂਗਾ 
ਅਤੇ ਅਕਾਸ਼ ਦੇ ਪੰਛੀਆਂ ਵਾਂਗ ਉਨ੍ਹਾਂ ਨੂੰ ਹੇਠਾਂ ਲੈ ਆਵਾਂਗਾ। 
ਮੈਂ ਉਨ੍ਹਾਂ ਦੇ ਨੇਮਾਂ ਕਾਰਣ ਉਨ੍ਹਾਂ ਨੂੰ ਸਜ਼ਾ ਦੇਵਾਂਗਾ। 
13 ਉਹ ਮੈਨੂੰ ਛੱਡ ਗਏ ਇਹ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ 
ਉਹ ਮੈਨੂੰ ਮੰਨਣ ਤੋਂ ਇਨਕਾਰੀ ਹੋਏ ਇਸ ਲਈ ਉਹ ਨਸ਼ਟ ਕੀਤੇ ਜਾਣਗੇ। 
ਮੈਂ ਉਨ੍ਹਾਂ ਨੂੰ ਬਚਾਇਆ 
ਰ ਉਹ ਮੇਰੇ ਵਿਰੁੱਧ ਝੂਠ ਬੋਲਦੇ ਹਨ। 
14 ਉਹ ਕਦੇ ਮੈਨੂੰ ਆਪਣੇ ਦਿਲੋਂ ਨਹੀਂ ਪੁਕਾਰਦੇ। 
ਹਾਂ, ਉਹ ਆਪਣੇ ਬਿਸਤਰਿਆਂ ਤੇ ਰੋਦੇ ਹਨ, 
ਅਤੇ ਆਪਣੇ-ਆਪ ਨੂੰ ਕਟਦੇ ਹਨ ਜਦੋਂ ਉਹ ਭੋਜਨ ਅਤੇ ਨਵੀਂ ਮੈ ਮੰਗਦੇ ਹਨ, 
ਪਰ ਉਨ੍ਹਾਂ ਦੇ ਦਿਲਾਂ ਵਿੱਚ ਉਹ ਮੈਥੋਂ ਪਰ੍ਹਾਂ ਮੁੜ ਗਏ ਹਨ। 
15 ਮੈਂ ਉਨ੍ਹਾਂ ਨੂੰ ਸਿੱਖਾਇਆ ਅਤੇ ਉਨ੍ਹਾਂ ਦੀਆਂ ਬਾਹਵਾਂ ਮਜਬੂਤ ਕੀਤੀਆਂ 
ਪਰ ਉਹ ਮੇਰੇ ਹੀ ਵਿਰੁੱਧ ਦੁਸ਼ਟ ਯੋਜਨਾਵਾਂ ਘੜਦੇ ਹਨ। 
16 ਉਹ ਇੱਕ ਮੁੜੀ ਹੋਈ ਸੋਟੀ ਵਰਗੇ ਹਨ। 
ਉਨ੍ਹਾਂ ਨੇ ਦਿਸ਼ਾਵਾਂ ਬਦਲੀਆਂ, ਪਰ ਮੇਰੇ ਕੋਲ ਵਾਪਸ ਨਾ ਆਏ, 
ਉਨ੍ਹਾਂ ਦੇ ਪ੍ਰਧਾਨ ਆਗੂ ਆਪਣੀ ਹੰਕਾਰੀ ਜੀਭ ਕਾਰਣ ਆਪਣੀ ਤਲਵਾਰ ਨਾਲ ਹੇਠਾਂ ਡਿੱਗ ਪੈਣਗੇ 
ਅਤੇ ਮਿਸਰ ਵਿੱਚਲੇ ਲੋਕ ਉਨ੍ਹਾਂ ਤੇ ਹੱਸਣਗੇ।