ਇਸਰਾਏਲ ਨੇ ਯਹੋਵਾਹ ਨੂੰ ਭੁਲਾ ਦਿੱਤਾ 
11
1 ਯਹੋਵਾਹ ਨੇ ਆਖਿਆ, “ਮੈਂ ਇਸਰਾਏਲ ਨੂੰ ਉਦੋਂ ਤੋਂ ਪਿਆਰ ਕੀਤਾ ਜਦੋਂ ਉਹ ਅਜੇ ਬੱਚਾ ਹੀ ਸੀ 
ਅਤੇ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬਾਹਰ ਸੱਦਿਆ। 
2 ਪਰ ਮੈਂ ਜਿੰਨਾ ਵੱਧ ਇਸਰਾਏਲੀਆਂ ਨੂੰ ਸੱਦਿਆ, 
ਉਨ੍ਨਾ ਹੀ ਉਹ ਮੈਥੋਂ ਅਗਾਂਹ ਜਾਂਦੇ ਰਹੇ। 
ਉਨ੍ਹਾਂ ਬਆਲਾਂ ਨੂੰ ਬਲੀਆਂ ਚੜ੍ਹਾਈਆਂ 
ਅਤੇ ਬੁੱਤਾਂ ਅੱਗੇ ਧੂਫ਼ਾਂ ਧੁਖਾਈਆਂ। 
3 “ਪਰ ਇਹ ਮੈਂ ਹੀ ਸੀ ਜਿਸਨੇ ਅਫ਼ਰਾਈਮ ਨੂੰ ਤੁਰਨਾ ਸਿੱਖਾਇਆ, 
ਮੈਂ ਇਸਰਾਏਲੀਆਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ, 
ਪਰ ਉਨ੍ਹਾਂ ਨੇ ਕਦੇ ਵੀ ਇਸ ਨੂੰ ਮਹਿਸੂਸ ਨਾ ਕੀਤਾ। 
4 ਮੈਂ ਉਨ੍ਹਾਂ ਨੂੰ ਪਿਆਰ ਦੀਆਂ 
ਰਸੀਆਂ ਨਾਲ ਚਲਾਇਆ। 
ਮੈਂ ਉਸ ਵਿਅਕਤੀ ਵਾਂਗ ਸੀ ਜਿਸਨੇ ਉਨ੍ਹਾਂ ਨੂੰ ਆਜ਼ਾਦ ਕੀਤਾ। 
ਮੈਂ ਝੁਕ ਕੇ ਉਨ੍ਹਾਂ ਨੂੰ ਖੁਆਇਆ। 
5 “ਇਸਰਾਏਲੀ ਪਰਮੇਸ਼ੁਰ ਵੱਲ ਮੁੜਨ ਤੋਂ ਇਨਕਾਰ ਕਰਦੇ ਹਨ। ਤਾਂ ਇਸ ਲਈ, ਉਹ ਵਾਪਸ ਮਿਸਰ ਨੂੰ ਜਾਣਗੇ। ਅੱਸ਼ੂਰ ਦਾ ਰਾਜਾ ਉਨ੍ਹਾਂ ਦਾ ਰਾਜਾ ਬਣ ਜਾਵੇਗਾ। 
6 ਉਨ੍ਹਾਂ ਦੇ ਸ਼ਹਿਰਾਂ ਉੱਪਰ ਤਲਵਾਰ ਲਟਕੇਗੀ, ਅਤੇ ਉਨ੍ਹਾਂ ਦੇ ਤਾਕਤਵਰ ਆਦਮੀਆਂ ਨੂੰ ਮਾਰ ਦੇਵੇਗੀ ਅਤੇ ਉਨ੍ਹਾਂ ਦੇ ਆਗੂਆਂ ਨੂੰ ਨਸ਼ਟ ਕਰ ਦੇਵੇਗੀ। 
7 “ਮੇਰੇ ਲੋਕ ਇੰਤਜ਼ਾਰ ਕਰ ਰਹੇ ਹਨ, ਉਮੀਦ ਕਰਦਿਆਂ ਹੋਇਆਂ ਕਿ ਮੈਂ ਵਾਪਸ ਆਵਾਂਗਾ। ਉਹ ਪਰਮੇਸ਼ੁਰ ਨੂੰ ਉੱਪਰ ਪੁਕਾਰ ਰਹੇ ਹਨ, ਪਰ ਉਹ ਉਨ੍ਹਾਂ ਦੀ ਮਦਦ ਨਹੀਂ ਕਰੇਗਾ।” 
ਯਹੋਵਾਹ ਇਸਰਾਏਲ ਨੂੰ ਨਸ਼ਟ ਨਹੀਂ ਕਰਨਾ ਚਾਹੁੰਦਾ 
8 “ਹੇ ਅਫ਼ਰਾਈਮ! ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ? 
ਹੇ ਇਸਰਾਏਲ, ਮੈਂ ਤੇਰੀ ਰੱਖਿਆ ਕਰਨੀ ਚਾਹੁੰਨਾ। 
ਮੈਂ ਤੇਰਾ ਹਾਲ ਅਦਮਾਹ ਵਰਗਾ ਨਹੀਂ ਕਰਨਾ ਚਾਹੁੰਦਾ ਨਾ ਹੀ 
ਤੈਨੂੰ ਸਬੋਈਮ ਵਾਂਗ ਬਨਾਉਣਾ ਚਾਹੁੰਨਾ। 
ਮੈਂ ਆਪਣਾ ਮਨ ਬਦਲ ਰਿਹਾ ਹਾਂ 
ਕਿਉਂ ਕਿ ਮੇਰਾ ਤੇਰੇ ਪ੍ਰਤੀ ਪਿਆਰ ਅਤੇ ਦਇਆ ਬਹੁਤ ਗੂਢ਼ੀ ਹੈ। 
9 ਮੈਂ ਆਪਣੇ ਭਿਆਨਕ ਕਰੋਧ ਨੂੰ ਨਹੀਂ ਦਰਸਾਵਾਂਗਾ। 
ਮੈਂ ਅਫ਼ਰਾਈਮ ਨੂੰ ਮੁੜ ਬਰਬਾਦ ਨਾ ਕਰਾਂਗਾ 
ਮੈਂ ਕੋਈ ਆਦਮੀ ਨਹੀਂ ਹਾਂ, 
ਮੈਂ ਪਰਮੇਸ਼ੁਰ ਹਾਂ। 
ਮੈਂ ਤੇਰੇ ਵਿੱਚਕਾਰ ਪਵਿੱਤਰ ਪੁਰੱਖ ਹਾਂ, 
ਮੈਂ ਆਪਣਾ ਕਰੋਧ ਨਹੀਂ ਦਰਸਾਵਾਂਗਾ। 
10 ਮੈਂ ਸ਼ੇਰ ਵਾਂਗ ਦਹਾੜਾਂਗਾ ਜਦੋਂ ਮੈਂ ਗਰਜਾਂਗਾ ਤਾਂ ਮੇਰੇ ਬੱਚੇ ਆਉਣਗੇ 
ਅਤੇ ਮੇਰੇ ਪਿੱਛੇ ਚੱਲ ਪੈਣਗੇ ਮੇਰੀ ਉੱਮਤ ਪੱਛਮ ਵੱਲੋਂ ਭੈਅ ਵਿੱਚ ਕੰਬਦੀ ਹੋਈ ਆਵੇਗੀ। 
11 ਉਹ ਮਿਸਰ ਵਿੱਚੋਂ ਹਿਲਦੇ ਹੋਏ ਪੰਛੀ ਵਾਂਗ ਆਉਣਗੇ 
ਅਤੇ ਅੱਸ਼ੂਰ ਵਿੱਚੋਂ ਕੰਬੰਦੇ ਹੋਏ ਕਬੂਤਰ ਵਾਂਗ ਆਉਣਗੇ 
ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ।” 
ਯਹੋਵਾਹ ਦਾ ਇਹ ਵਾਕ ਹੈ। 
12 “ਅਫ਼ਰਾਈਮ ਨੇ ਮੈਨੂੰ ਝੂਠੇ ਦੇਵਤਿਆਂ ਨਾਲ ਘੇਰਿਆ ਹੋਇਆ ਹੈ 
ਇਸਰਾਏਲ ਦੇ ਲੋਕ ਮੇਰੇ ਵਿਰੁੱਧ ਹੋ ਗਏ, 
ਪਰ ਯਹੂਦਾਹ ਹਾਲੇ ਵੀ ਏਲ ਨਾਲ ਚਲਦਾ ਹੈ 
ਅਤੇ ਪਵਿੱਤਰ ਪੁਰੱਖ ਨਾਲ ਵਫ਼ਾਦਾਰ ਰਿਹਾ।”