ਯਾਕੂਬ ਆਪਣੇ ਪੁੱਤਰਾਂ ਨੂੰ ਅਸੀਸ ਦਿੰਦਾ ਹੈ 
49
1 ਫ਼ੇਰ ਯਾਕੂਬ ਨੇ ਆਪਣੇ ਸਾਰੇ ਪੁੱਤਰਾਂ ਨੂੰ ਕੋਲ ਸੱਦਿਆ। ਉਸ ਨੇ ਆਖਿਆ, “ਮੇਰੇ ਸਾਰੇ ਪੁੱਤਰੋ, ਮੇਰੇ ਕੋਲ ਇੱਥੇ ਆਓ। ਮੈਂ ਤੁਹਾਨੂੰ ਦੱਸਦਾ ਹਾਂ ਕਿ ਭਵਿੱਖ ਵਿੱਚ ਕੀ ਵਾਪਰੇਗਾ। 
2 “ਸਾਰੇ ਇਕੱਠੇ ਹੋਕੇ ਆਓ ਅਤੇ ਸੁਣੋ, ਯਾਕੂਬ ਦਿਉ ਪੁੱਤਰੋ। 
ਆਪਣੇ ਪਿਤਾ, ਇਸਰਾਏਲ ਦੀ ਗੱਲ ਸੁਣੋ। 
ਰਊਬੇਨ 
3 “ਰਊਬੇਨ, ਤੂੰ ਮੇਰਾ ਪਲੋਠਾ ਪੁੱਤਰ ਹੈਂ, ਤੂੰ ਮੇਰਾ ਪਹਿਲਾ ਬੱਚਾ ਹੈ, 
ਮੇਰੀ ਮਰਦਾਨਗੀ ਦਾ ਪਹਿਲਾ ਸਬੂਤ। 
ਤੂੰ ਮੇਰੇ ਸਾਰੇ ਪੁੱਤਰਾਂ ਵਿੱਚੋਂ ਸਭ ਤੋਂ ਇੱਜ਼ਤਦਾਰ 
ਅਤੇ ਸ਼ਕਤੀਸ਼ਾਲੀ ਸ਼ੇਰ ਸੀ। 
4 ਪਰ ਤੇਰਾ ਜਜ਼ਬਾ ਹੜ੍ਹ ਵਰਗਾ ਸੀ, 
ਤੇਰਾ ਇਸ ਉੱਤੇ ਕਾਬੂ ਨਹੀਂ ਸੀ। 
ਇਸ ਲਈ ਤੂੰ ਮੇਰਾ ਸਭ ਤੋਂ 
ਵੱਧ ਇੱਜ਼ਤਦਾਰ ਪੁੱਤਰ ਨਹੀਂ ਰਹੇਂਗਾ। 
ਤੂੰ ਆਪਣੇ ਪਿਤਾ ਦੇ ਪਲੰਘ ਉੱਤੇ ਜਾ ਚੜ੍ਹਿਆ ਸੀ 
ਅਤੇ ਉਸਦੀ ਇੱਕ ਪਤਨੀ ਨਾਲ ਜਾ ਸੁੱਤਾ ਸੀ। 
ਤੂੰ ਮੇਰੇ ਬਿਸਤਰ ਨੂੰ ਸ਼ਰਮਸਾਰ ਕੀਤਾ 
ਸੀ ਜਿਸ ਬਿਸਤਰ ਉੱਤੇ ਤੂੰ ਲੇਟਿਆ ਸੀ। 
ਸਿਮਓਨ ਅਤੇ ਲੇਵੀ 
5 “ਸਿਮਓਨ ਅਤੇ ਲੇਵੀ ਦੋਵੇਂ ਭਰਾ ਹਨ। 
ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਲੜਨਾ ਪਸੰਦ ਹੈ। 
6 ਉਨ੍ਹਾਂ ਨੇ ਗੁਪਤ ਯੋਜਨਾਵਾਂ ਬਣਾਈਆਂ। 
ਮੇਰੀ ਰੂਹ ਉਨ੍ਹਾਂ ਦੀਆਂ ਵਿਉਂਤਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ ਸੀ। 
ਮੈਂ ਉਨ੍ਹਾਂ ਦੀਆਂ ਗੁਪਤ ਸਭਾਵਾਂ ਨੂੰ ਪ੍ਰਵਾਨ ਨਹੀਂ ਕਰਾਂਗਾ। 
ਜਦੋਂ ਉਹ ਕਰੋਧਵਾਨ ਸਨ ਉਨ੍ਹਾਂ ਨੇ ਬੰਦੇ ਮਾਰ ਦਿੱਤੇ ਅਤੇ ਦਿਲ ਪ੍ਰਚਾਵੇ ਲਈ ਉਨ੍ਹਾਂ ਨੇ ਜਾਨਵਰਾਂ ਨੂੰ ਸਤਾਇਆ ਸੀ। 
7 ਉਨ੍ਹਾਂ ਦਾ ਗੁੱਸਾ ਸਰਾਪ ਹੈ ਇਹ ਬਹੁਤ ਸਖ਼ਤ ਹੈ, 
ਉਹ ਬਹੁਤ ਜ਼ਾਲਮ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਰੋਹ ਚੜ੍ਹਦਾ ਹੈ। 
ਉਨ੍ਹਾਂ ਨੂੰ ਯਾਕੂਬ ਦੀ ਧਰਤੀ ਅੰਦਰ ਆਪਣੀ ਧਰਤੀ ਨਹੀਂ ਮਿਲੇਗੀ। 
ਉਹ ਸਾਰੇ ਇਸਰਾਏਲ ਅੰਦਰ ਫ਼ੈਲ ਜਾਣਗੇ। 
ਯਹੂਦਾਹ 
8 “ਯਹੂਦਾਹ, ਤੇਰੇ ਭਰਾ ਤੇਰੀ ਉਸਤਤਿ ਕਰਨਗੇ। 
ਤੂੰ ਆਪਣੇ ਦੁਸ਼ਮਣਾ ਨੂੰ ਹਰਾ ਦੇਵੇਗਾ। 
ਤੇਰੇ ਭਰਾ ਤੇਰੇ ਅੱਗੇ ਝੁਕਣਗੇ। 
9 ਯਹੂਦਾਹ ਤੂੰ ਬੱਬਰ ਸ਼ੇਰ ਵਰਗਾ ਹੈ। 
ਮੇਰੇ ਪੁੱਤਰ, ਤੂੰ ਆਪਣੇ ਸ਼ਿਕਾਰ ਉੱਤੇ ਖਲੋਤਾ ਹੋਇਆ ਬੱਬਰ ਸ਼ੇਰ ਵਰਗਾ ਹੈ। 
ਯਹੂਦਾਹ ਬੱਬਰ ਸ਼ੇਰ ਵਰਗਾ ਹੈ। 
ਉਹ ਅਰਾਮ ਕਰਨ ਲਈ ਲੇਟਿਆ ਹੋਇਆ ਹੈ, ਅਤੇ ਕੋਈ ਇੰਨਾ ਬਹਾਦੁਰ ਨਹੀਂ ਕਿ ਜਿਹੜਾ ਉਸ ਨੂੰ ਤੰਗ ਕਰੇ। 
10 ਯਹੂਦਾਹ ਦੇ ਪਰਿਵਾਰ ਵਿੱਚੋਂ ਆਦਮੀ ਰਾਜੇ ਹੋਣਗੇ। 
ਅਸਲੀ ਰਾਜੇ ਦੇ ਆਉਣ ਤੀਕ ਸ਼ਾਹੀ ਰਾਜ-ਦੰਡ, 
ਉਸ ਦੇ ਪਰਿਵਾਰ ਨੂੰ ਨਹੀਂ ਛੱਡੇਗਾ। 
ਫ਼ੇਰ ਕੌਮਾਂ ਉਸਦਾ ਪਾਲਣ ਕਰਨਗੀਆਂ। 
11 ਉਹ ਆਪਣੇ ਖੋਤੇ ਨੂੰ ਅੰਗੂਰਾਂ ਦੀ ਵੇਲ ਨਾਲ ਬੰਨ੍ਹੇਗਾ। 
ਉਹ ਆਪਣੇ ਜਵਾਨ ਖੋਤੇ ਨੂੰ ਸਭਾ ਤੋਂ ਚੰਗੀ ਅੰਗੂਰੀ ਵੇਲ ਨਾਲ ਬੰਨ੍ਹੇਗਾ। 
ਉਹ ਸਭ ਤੋਂ ਚੰਗੀ ਮੈਅ ਨੂੰ ਆਪਣੇ ਕੱਪੜੇ ਧੋਣ ਲਈ ਵਰਤੇਗਾ। 
12 ਮੈਅ ਪੀਣ ਕਾਰਣ ਉਸ ਦੀਆਂ ਅੱਖਾਂ ਲਾਲ ਹਨ। 
ਦੁੱਧ ਪੀਣ ਕਾਰਣ ਉਸ ਦੇ ਦੰਦ ਚਿੱਟੇ ਹਨ। 
ਜ਼ਬੂਲੁਨ 
13 “ਜ਼ਬੂਲੁਨ ਸਾਗਰ ਕੰਢੇ ਰਹੇਗਾ। 
ਉਸਦਾ ਸਮੁੰਦਰੀ ਤੱਟ ਜਹਾਜ਼ਾਂ ਲਈ ਸੁਰੱਖਿਅਤ ਸਥਾਨ ਹੋਵੇਗਾ। 
ਉਸਦੀ ਧਰਤੀ ਦੂਰ ਸੀਦੋਨ ਸ਼ਹਿਰ ਤੀਕ ਫ਼ੈਲੀ ਹੋਵੇਗੀ। 
ਯਿੱਸਾਕਾਰ 
14 “ਯਿੱਸਾਕਾਰ ਉਸ ਖੋਤੇ ਵਰਗਾ ਹੈ ਜਿਸਨੇ ਸਖ਼ਤ ਮਿਹਨਤ ਕੀਤੀ ਹੈ। 
ਉਹ ਭਾਰਾ ਬੋਝ ਚੁੱਕਣ ਤੋਂ ਬਾਦ ਲੇਟ ਜਾਵੇਗਾ। 
15 ਉਹ ਦੇਖੇਗਾ ਕਿ ਉਸਦੀ ਆਰਾਮਗਾਹ ਚੰਗੀ ਹੈ। 
ਉਹ ਆਪਣੀ ਧਰਤੀ ਨੂੰ ਸੁਹਾਵਣੀ ਦੇਖੇਗਾ। 
ਫ਼ੇਰ ਉਹ ਭਾਰੇ ਬੋਝ ਚੁੱਕਣ ਲਈ ਮੰਨ ਜਾਵੇਗਾ। 
ਉਹ ਗੁਲਾਮ ਵਾਂਗ ਕੰਮ ਕਰਨ ਲਈ ਮੰਨ ਜਾਵੇਗਾ। 
ਦਾਨ 
16 “ਦਾਨ, ਇਸਰਾਏਲ ਦੇ ਹੋਰ ਪਰਿਵਾਰਾਂ ਵਾਂਗ 
ਆਪਣੇ ਹੀ ਲੋਕਾਂ ਦਾ ਨਿਆਂ ਕਰੇਗਾ। 
17 ਦਾਨ ਸੜਕ ਦੇ ਕੰਢੇ 
ਸੱਪ ਵਰਗਾ ਹੋਵੇਗਾ। 
ਉਹ ਖਤਰਨਾਕ ਸੱਪ ਵਰਗਾ ਹੋਵੇਗਾ ਜੋ 
ਰਸਤੇ ਵਿੱਚ ਪਿਆ ਹੁੰਦਾ ਹੈ। 
ਉਹ ਸੱਪ ਘੋੜੇ ਦਾ ਪੈਰ ਡੱਸ ਲੈਂਦਾ ਹੈ, 
ਅਤੇ ਸਵਾਰ ਜ਼ਮੀਨ ਉੱਤੇ ਡਿੱਗ ਪੈਂਦਾ ਹੈ। 
18 “ਯਹੋਵਾਹ, ਮੈਂ ਤੇਰੀ ਮੁਕਤੀ ਲਈ ਉਡੀਕ ਰਿਹਾ ਹਾਂ। 
ਗਾਦ 
19 “ਲੁਟੇਰਿਆਂ ਦਾ ਇੱਕ ਟੋਲਾ, ਗਾਦ ਉੱਤੇ ਹਮਲਾ ਕਰੇਗਾ। 
ਪਰ ਉਹ ਉਨ੍ਹਾਂ ਉੱਤੇ ਬਾਦ ਵਿੱਚ ਛਾਪਾ ਮਾਰੇਗਾ। 
ਆਸੇਰ 
20 “ਆਸੇਰ ਦੀ ਧਰਤੀ ਬਹੁਤ ਸਾਰਾ ਚੰਗਾ ਅਨਾਜ ਉਗਾਵੇਗੀ, 
ਉਸ ਕੋਲ ਉਹ ਭੋਜਨ ਹੋਵੇਗਾ ਜੋ ਰਾਜੇ ਦੇ ਲਾਈਕ ਹੋਵੇਗਾ। 
ਨਫ਼ਤਾਲੀ 
21 “ਨਫ਼ਤਾਲੀ ਅਜ਼ਾਦ ਭੱਜਦੇ ਹਿਰਨ ਵਰਗਾ ਹੈ, 
ਜੋ ਖੂਬਸੂਰਤ ਹਿਰਨੋਟਿਆਂ ਨੂੰ ਪੈਦਾ ਕਰਦਾ ਹੈ। 
ਯੂਸੁਫ਼ 
22 “ਯੂਸੁਫ਼ ਬਹੁਤ ਸਫ਼ਲ ਹੈ। ਯੂਸੁਫ਼ ਫ਼ਲ ਨਾਲ ਲੱਦੀ ਅੰਗੂਰੀ ਵੇਲ, 
ਚਸ਼ਮੇ ਲਾਗੇ ਉੱਗ ਰਹੀ ਵੇਲ ਵਾਂਗ, 
ਅਤੇ ਕੰਧ ਉੱਤੇ ਉੱਗ ਰਹੀ ਵੇਲ ਵਾਂਗ ਹੈ। 
23 ਬਹੁਤ ਸਾਰੇ ਲੋਕੀਂ ਉਸ ਦੇ 
ਖਿਲਾਫ਼ ਬਹੁਤ ਜ਼ਿਆਦਾ ਲੜੇ। 
ਤੀਰਾਂ ਵਾਲੇ ਲੋਕ ਉਸੇ ਵੈਰੀ ਹੋ ਗਏ। 
24 ਪਰ ਉਹ ਆਪਣੀ ਤਾਕਤਵਰ ਕਮਾਨ ਨਾਲ ਅਤੇ ਹੁਨਰ ਭਰੇ ਹਥਿਆਰਾਂ ਨਾਲ ਜੰਗ ਜਿੱਤ ਗਿਆ। 
ਉਹ ਸ਼ਕਤੀਸ਼ਾਲੀ ਯਾਕੂਬ ਪਾਸੋਂ, ਅਯਾਲੀ ਪਾਸੋਂ, ਇਸਰਾਏਲ ਦੀ ਚੱਟਾਨ ਪਾਸੋਂ, 
25 ਤੁਹਾਡੇ ਪਿਤਾ ਦੇ ਪਰਮੇਸ਼ੁਰ ਪਾਸੋਂ, ਤਾਕਤ ਹਾਸਿਲ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਅਸੀਸ ਦਿੰਦਾ ਹੈ। 
“ਸਰਬ-ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਉੱਪਰੋਂ ਆਕਾਸ਼ ਤੋਂ ਅਸੀਸਾਂ ਦੇਵੇ, 
ਅਤੇ ਹੇਠਾਂ ਡੂੰਘ ਵਿੱਚੋਂ ਅਸੀਸਾਂ ਦੇਵੇ। 
ਉਹ ਤੈਨੂੰ ਛਾਤੀ ਅਤੇ ਕੁੱਖ ਤੋਂ ਅਸੀਸਾਂ ਦੇਵੇ। 
26 ਮੇਰੇ ਮਾਪਿਆਂ ਨਾਲ ਬਹੁਤ ਹੀ ਚੰਗੀਆਂ ਗੱਲਾਂ ਵਾਪਰੀਆਂ ਸਨ। 
ਅਤੇ ਮੈਂ, ਤੁਹਾਡਾ ਪਿਤਾ, ਹੋਰ ਵੀ ਸੁਭਾਗਾ ਸਾਂ। 
ਤੇਰਿਆਂ ਭਰਾਵਾ ਨੇ ਤੇਰੇ ਲਈ ਕੁਝ ਵੀ ਨਹੀਂ ਛੱਡਿਆ। 
ਪਰ ਹੁਣ ਮੈਂ ਤੇਰੇ ਉੱਤੇ ਆਪਣੀਆਂ ਅਸੀਸਾਂ ਇਕੱਠੀਆਂ ਕਰਦਾ ਹਾਂ ਜੋ ਪਹਾੜ ਵਾਂਗ ਉੱਚੀਆਂ ਹਨ। 
ਬਿਨਯਾਮੀਨ 
27 “ਬਿਨਯਾਮੀਨ ਭੁੱਖੇ ਬਘਿਆੜ ਵਾਂਗ ਹੈ। 
ਉਹ ਸਵੇਰੇ-ਸਵੇਰੇ ਮਾਰਦਾ ਅਤੇ ਖਾਂਦਾ ਹੈ। 
ਉਹ ਸ਼ਾਮ ਨੂੰ ਬੱਚਿਆਂ ਹੋਇਆ ਸਾਂਝਾ ਕਰਦਾ ਹੈ।” 
28 ਇਹ ਇਸਰਾਏਲ ਦੇ 12 ਪਰਿਵਾਰ ਹਨ। ਅਤੇ ਇਹ ਗੱਲਾਂ ਹਨ ਜਿਹੜੀਆਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖੀਆਂ। ਉਸ ਨੇ ਹਰੇਕ ਪੁੱਤਰ ਨੂੰ ਉਹੀ ਅਸੀਸ ਦਿੱਤੀ ਜੋ ਉਸ ਲਈ ਢੁਕਵੀਂ ਸੀ। 
29 ਫ਼ੇਰ ਇਸਰਾਏਲ ਨੇ ਉਨ੍ਹਾਂ ਨੂੰ ਇੱਕ ਆਦੇਸ਼ ਦਿੱਤਾ। ਉਸ ਨੇ ਆਖਿਆ, “ਜਦੋਂ ਮੈਂ ਮਰ ਜਾਵਾਂ ਮੈਂ ਆਪਣੇ ਲੋਕਾਂ ਨਾਲ ਹੋਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਨੂੰ ਆਪਣੇ ਪੁਰਖਿਆਂ ਨਾਲ ਹਿੱਤੀ ਅਫ਼ਰੋਨ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਇਆ ਜਾਵੇ। 
30 ਉਹ ਗੁਫ਼ਾ ਮਮਰੇ ਦੇ ਨੇੜੇ ਮਕਫ਼ੇਲਾਹ ਦੇ ਖੇਤ ਵਿੱਚ ਹੈ। ਇਹ ਕਨਾਨ ਦੀ ਧਰਤੀ ਵਿੱਚ ਹੈ। ਅਬਰਾਹਾਮ ਨੇ ਉਹ ਖੇਤ ਅਫ਼ਰੋਨ ਤੋਂ ਇਸ ਵਾਸਤੇ ਖਰੀਦਿਆ ਸੀ ਤਾਂ ਜੋ ਉਸ ਕੋਲ ਇੱਕ ਕਬਰਸਤਾਨ ਹੋ ਜਾਵੇ। 
31 ਅਬਰਾਹਾਮ ਅਤੇ ਉਸਦੀ ਪਤਨੀ ਸਾਰਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਇਸਹਾਕ ਅਤੇ ਉਸਦੀ ਪਤਨੀ ਰਿਬਕਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਮੈਂ ਆਪਣੀ ਪਤਨੀ ਲੇਆਹ ਨੂੰ ਉਸੇ ਕਬਰ ਵਿੱਚ ਦਫ਼ਨਾਇਆ ਸੀ। 
32 ਇਹ ਗੁਫ਼ਾ ਉਸ ਖੇਤ ਵਿੱਚ ਹੈ ਜਿਹੜਾ ਹਿੱਤੀ ਲੋਕਾਂ ਪਾਸੋਂ ਖਰੀਦਿਆ ਗਿਆ ਸੀ।” 
33 ਜਦੋਂ ਯਾਕੂਬ ਆਪਣੇ ਪੁੱਤਰਾਂ ਨਾਲ ਗੱਲਾਂ ਕਰ ਹਟਿਆ, ਉਹ ਲੇਟ ਗਿਆ, ਆਪਣੇ ਪੈਰ ਬਿਸਤਰ ਉੱਤੇ ਟਿਕਾ ਦਿੱਤੇ ਅਤੇ ਮਰ ਗਿਆ।