ਉਤਪਤ 
 
ਦੁਨੀਆਂ ਦੀ ਸ਼ੁਰੂਆਤ 
1
1 ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ। 
2 ਪਹਿਲਾਂ ਧਰਤੀ ਬਿਲਕੁਲ ਸੱਖਣੀ ਸੀ; ਧਰਤੀ ਉੱਤੇ ਕੁਝ ਵੀ ਨਹੀਂ ਸੀ। ਹਨੇਰੇ ਨੇ ਸਮੁੰਦਰ ਨੂੰ ਕੱਜਿਆ ਹੋਇਆ ਸੀ, ਅਤੇ ਪਰਮੇਸ਼ੁਰ ਦਾ ਆਤਮਾ ਪਾਣੀ ਉੱਤੇ ਚੱਲਦਾ ਸੀ। 
ਪਹਿਲਾ ਦਿਨ-ਰੌਸ਼ਨੀ 
3 ਫ਼ੇਰ ਪਰਮੇਸ਼ੁਰ ਨੇ ਆਖਿਆ, “ਰੌਸ਼ਨੀ ਹੋ ਜਾਵੇ!” ਅਤੇ ਰੌਸ਼ਨੀ ਚਮਕਣ ਲੱਗੀ। 
4 ਪਰਮੇਸ਼ੁਰ ਨੇ ਰੋਸ਼ਨੀ ਨੂੰ ਵੇਖਿਆ, ਅਤੇ ਉਸ ਨੇ ਜਾਣਿਆ ਕਿ ਉਹ ਚੰਗੀ ਸੀ। ਫ਼ੇਰ ਪਰਮੇਸ਼ੁਰ ਨੇ ਰੋਸ਼ਨੀ ਨੂੰ ਹਨੇਰੇ ਤੋਂ ਵੱਖ ਕੀਤਾ। 
5 ਪਰਮੇਸ਼ੁਰ ਨੇ ਰੋਸ਼ਨੀ ਨੂੰ “ਦਿਨ” ਦਾ ਨਾਮ ਦਿੱਤਾ, ਅਤੇ ਹਨੇਰੇ ਨੂੰ “ਰਾਤ” ਦਾ ਨਾਮ ਦਿੱਤਾ। 
ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਪਹਿਲਾ ਦਿਨ ਸੀ। 
ਦੂਸਰਾ ਦਿਨ-ਅਕਾਸ਼ 
6 ਫ਼ੇਰ ਪਰਮੇਸ਼ੁਰ ਨੇ ਆਖਿਆ, “ਪਾਣੀ ਨੂੰ ਦੋ ਹਿਸਿਆਂ ਵਿੱਚ ਵੰਡਣ ਲਈ ਵਾਯੂਮੰਡਲ ਹੋਵੇ!” 
7 ਇਸ ਲਈ ਪਰਮੇਸ਼ੁਰ ਨੇ ਵਾਯੂਮੰਡਲ ਸਾਜਿਆ ਅਤੇ ਵਾਯੂਮੰਡਲ ਦੇ ਹੇਠਲੇ ਪਾਣੀ ਨੂੰ ਵਾਯੂਮੰਡਲ ਦੇ ਉੱਪਰ ਪਾਣੀ ਤੋਂ ਵੱਖ ਕੀਤਾ। ਇਹੀ ਕੁਝ ਵਾਪਰਿਆ। 
8 ਪਰਮੇਸ਼ੁਰ ਨੇ ਹਵਾ ਨੂੰ “ਅਕਾਸ਼” ਦਾ ਨਾਮ ਦਿੱਤਾ। ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਦੂਸਰਾ ਦਿਨ ਸੀ। 
ਤੀਸਰਾ ਦਿਨ-ਖੁਸ਼ਕ ਜ਼ਮੀਨ ਅਤੇ ਪੌਦੇ 
9 ਫ਼ੇਰ ਪਰਮੇਸ਼ੁਰ ਨੇ ਆਖਿਆ, “ਅਕਾਸ਼ ਦੇ ਹੇਠਲਾ ਪਾਣੀ ਇੱਕ ਜਗ਼੍ਹਾ ਤੇ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਪ੍ਰਗਟ ਹੋਵੇ।” ਇਹੀ ਵਾਪਰਿਆ। 
10 ਪਰਮੇਸ਼ੁਰ ਨੇ ਖੁਸ਼ਕ ਜ਼ਮੀਨ ਨੂੰ “ਧਰਤੀ” ਦਾ ਨਾਮ ਦਿੱਤਾ। ਅਤੇ ਪਰਮੇਸ਼ੁਰ ਨੇ ਇਕੱਠੇ ਹੋਏ ਪਾਣੀ ਨੂੰ “ਸਮੁੰਦਰ” ਦਾ ਨਾਮ ਦਿੱਤਾ। ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ। 
11 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਘਾਹ ਤੇ ਪੌਦੇ ਉਗਾਵੇ ਜਿਹੜੇ ਫ਼ਲਦਾਰ ਰੁੱਖ ਪੈਦਾ ਕਰਨ ਜਿਹੜੇ ਬੀਜਾਂ ਵਾਲੇ ਫ਼ਲ ਪੈਦਾ ਕਰਨ। ਉਹ ਧਰਤੀ ਉੱਤੇ ਉੱਗਣ ਅਤੇ ਆਪਣੀ ਕਿਸਮ ਅਨੁਸਾਰ ਬੀਜ ਪੈਦਾ ਕਰਨ। ਇਹੀ ਕੁਝ ਵਾਪਰਿਆ।” 
12 ਧਰਤੀ ਨੇ ਅਨਾਜ ਪੈਦਾ ਕਰਨ ਵਾਲਾ ਘਾਹ ਅਤੇ ਪੌਦੇ ਉਗਾਏ ਅਤੇ ਇਸਨੇ ਰੁੱਖ ਉਗਾਏ ਜਿਨ੍ਹਾਂ ਤੇ ਬੀਜਾਂ ਵਾਲੇ ਫ਼ਲ ਸਨ। ਹਰ ਪੌਦੇ ਨੇ ਆਪਣੀ ਕਿਸਮ ਦੇ ਬੀਜ ਬਣਾਏ। ਅਤੇ ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ। 
13 ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋ ਗਈ। ਇਹ ਤੀਸਰਾ ਦਿਨ ਸੀ। 
ਚੌਥਾ ਦਿਨ-ਸੂਰਜ ਚੰਨ ਅਤੇ ਤਾਰੇ 
14 ਫ਼ੇਰ ਪਰਮੇਸ਼ੁਰ ਨੇ ਆਖਿਆ, “ਰਾਤਾਂ ਨੂੰ ਦਿਨਾਂ ਨਾਲੋਂ ਵੱਖ ਕਰਨ ਲਈ ਅਕਾਸ਼ ਵਿੱਚ ਰੌਸ਼ਨੀਆਂ ਹੋਣ। ਇਹ ਰੌਸ਼ਨੀਆਂ ਪਰਬਾਂ ਦੀਆਂ ਰਾਤਾਂ ਅਤੇ ਦਿਨਾਂ ਅਤੇ ਸਾਲਾਂ ਲਈ ਸੰਕੇਤ ਹੋਣ। 
15 ਇਹ ਰੌਸ਼ਨੀਆਂ ਧਰਤੀ ਉੱਤੇ ਰੌਸ਼ਨੀ ਚਮਕਾਉਣ ਲਈ ਅਕਾਸ਼ ਵਿੱਚ ਹੋਣਗੀਆਂ।” ਅਤੇ ਇਹੀ ਵਾਪਰਿਆ। 
16 ਇਸ ਲਈ ਪਰਮੇਸ਼ੁਰ ਨੇ ਦੋ ਵਿਸ਼ਾਲ ਰੌਸ਼ਨੀਆਂ ਸਾਜੀਆਂ। ਪਰਮੇਸ਼ੁਰ ਨੇ ਦਿਨ ਤੇ ਹਕੂਮਤ ਕਰਨ ਲਈ ਵਿਸ਼ਾਲ ਰੌਸ਼ਨੀ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਛੋਟੀ ਰੌਸ਼ਨੀ ਦੀ ਸਾਜਨਾ ਕੀਤੀ। ਉਸ ਨੇ ਤਾਰੇ ਵੀ ਸਾਜੇ। 
17 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਧਰਤੀ ਉੱਤੇ ਚਮਕਣ ਲਈ ਅਕਾਸ਼ ਵਿੱਚ ਧਰ ਦਿੱਤਾ। 
18 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਦਿਨ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਅਕਾਸ਼ ਵਿੱਚ ਪਾ ਦਿੱਤਾ। ਇਨ੍ਹਾਂ ਰੌਸ਼ਨੀਆਂ ਨੇ ਰੌਸ਼ਨੀ ਨੂ ਹਨੇਰੇ ਨਾਲੋਂ ਵੱਖ ਕਰ ਦਿੱਤਾ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ। 
19 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਚੌਥਾ ਦਿਨ ਸੀ। 
ਪੰਜਵਾਂ ਦਿਨ-ਸਮੁੰਦਰੀ ਜੀਵ ਅਤੇ ਪੰਛੀ 
20 ਪਰਮੇਸ਼ੁਰ ਨੇ ਆਖਿਆ, “ਪਾਣੀ ਬਹੁਤ ਸਾਰੇ ਜੀਵਿਤ ਪ੍ਰਾਣੀਆਂ ਨਾਲ ਭਰ ਜਾਵੇ ਅਤੇ ਅਕਾਸ਼ ਦੇ ਵਾਯੂਮੰਡਲ ਦੇ ਆਰ-ਪਾਰ ਪੰਛੀ ਉੱਡਦੇ ਰਹਿਣ।” 
21 ਇਸ ਲਈ ਪਰਮੇਸ਼ੁਰ ਨੇ ਵਿਸ਼ਾਲ ਸਮੁੰਦਰੀ ਜਾਨਵਰਾਂ ਅਤੇ ਹਰ ਤਰ੍ਹਾਂ ਦੇ ਜੀਵਿਤ ਪ੍ਰਾਣੀਆਂ ਦੀ ਸਾਜਨਾ ਕੀਤੀ ਜੋ ਸਮੁੰਦਰ ਵਿੱਚ ਵਿੱਚਰਦੇ ਹਨ। ਪਰਮੇਸ਼ੁਰ ਨੇ ਅਕਾਸ਼ ਵਿੱਚ ਉੱਡਣ ਵਾਲੇ ਹਰ ਪ੍ਰਕਾਰ ਦੇ ਪੰਛੀਆਂ ਨੂੰ ਸਾਜਿਆ। ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ। 
22 ਪਰਮੇਸ਼ੁਰ ਨੇ ਇਨ੍ਹਾਂ ਜਾਨਵਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨ ਅਤੇ ਸਮੁੰਦਰ ਨੂੰ ਭਰ ਦੇਣ ਲਈ ਆਖਿਆ ਅਤੇ ਪਰਮੇਸ਼ੁਰ ਨੇ ਧਰਤੀ ਉਤਲੇ ਪੰਛੀਆਂ ਨੂੰ ਹੋਰ ਅਨੇਕਾਂ ਪੰਛੀ ਪੈਦਾ ਕਰਨ ਲਈ ਆਖਿਆ। 
23 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਪੰਜਵਾਂ ਦਿਨ ਸੀ। 
ਛੇਵਾਂ ਦਿਨ-ਧਰਤੀ ਉਤਲੇ ਜਾਨਵਰ ਅਤੇ ਲੋਕ 
24 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਹਰ ਪ੍ਰਕਾਰ ਦੇ ਜੀਵਿਤ ਪ੍ਰਾਣੀਆਂ ਨੂੰ ਪੈਦਾ ਕਰੇ। ਇੱਥੇ ਹਰ ਪ੍ਰਕਾਰ ਦੇ ਪਾਲਤੂ ਅਤੇ ਰੀਂਗਣ ਵਾਲੇ ਜਾਨਵਰ ਅਤੇ ਜੰਗਲੀ ਜਾਨਵਰ ਹੋਣ।” ਇਹੀ ਕੁਝ ਵਾਪਰਿਆ। 
25 ਇਸ ਤਰ੍ਹਾਂ, ਪਰਮੇਸ਼ੁਰ ਨੇ ਹਰ ਤਰ੍ਹਾਂ ਦੇ ਜੰਗਲੀ ਜਾਨਵਰ, ਹਰ ਪ੍ਰਕਾਰ ਦੇ ਪਾਲਤੂ ਜਾਨਵਰ ਅਤੇ ਧਰਤੀ ਉੱਤੇ ਰੀਂਗਣ ਵਾਲੇ ਹਰ ਪ੍ਰਕਾਰ ਦੇ ਜਾਨਵਰਾਂ ਦੀ ਸਾਜਣਾ ਕੀਤੀ। ਪਰਮੇਸ਼ੁਰ ਨੇ ਵੇਖਿਆ ਇਹ ਚੰਗਾ ਸੀ। 
26 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਓ ਹੁਣ ਆਦਮੀ ਦੀ ਸਾਜਣਾ ਕਰੀਏ। ਅਸੀਂ ਲੋਕਾਂ ਨੂੰ ਆਪਣੀ ਨਕਲ ਦੇ ਰੂਪ ਵਿੱਚ ਸਾਜਾਂਗੇ। ਲੋਕ ਸਾਡੇ ਵਰਗੇ ਹੋਣਗੇ। ਉਹ ਸਮੁੰਦਰ ਦੇ ਸਾਰੇ ਜੀਵਾਂ ਅਤੇ ਹਵਾ ਦੇ ਸਾਰੇ ਪੰਛੀਆਂ ਉੱਤੇ ਰਾਜ ਕਰਨਗੇ। ਉਹ ਸਾਰੇ ਵੱਡੇ ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੇ ਸਾਰੇ ਛੋਟੇ ਜੀਵਾਂ ਉੱਤੇ ਰਾਜ ਕਰਨਗੇ।” 
27 ਇਸ ਲਈ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਅਕਸ ਵਿੱਚ ਸਾਜਿਆ। ਉਸ ਨੇ ਉਸ ਨੂੰ ਆਪਣੇ ਖੁਦ ਦੇ ਚਰਿਤ੍ਰ ਮੁਤਾਬਿਕ ਸਾਜਿਆ। ਉਸ ਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਦੇ ਰੂਪ ਵਿੱਚ ਸਾਜਿਆ। 
28 ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਵੋ। ਸਮੁੰਦਰੀ ਜੀਵਾਂ ਅਤੇ ਹਵਾਈ ਪੰਛੀਆਂ ਉੱਤੇ ਰਾਜ ਕਰੋ। ਧਰਤੀ ਉੱਤੇ ਤੁਰਨ ਫ਼ਿਰਨ ਵਾਲੀ ਹਰ ਸ਼ੈਅ ਉੱਤੇ ਰਾਜ ਕਰੋ।” 
29 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਅਨਾਜ ਪੈਦਾ ਕਰਨ ਵਾਲੇ ਸਮੂਹ ਪੌਦੇ ਅਤੇ ਸਮੂਹ ਫ਼ਲਦਾਰ ਰੁੱਖ ਦੇ ਰਿਹਾ ਹਾਂ। ਉਹ ਰੁੱਖ ਬੀਜਾਂ ਵਾਲੇ ਫ਼ਲ ਪੈਦਾ ਕਰਦੇ ਹਨ। ਇਹ ਅਨਾਜ ਅਤੇ ਫ਼ਲ ਤੁਹਾਡਾ ਭੋਜਨ ਹੋਣਗੇ। 
30 ਅਤੇ ਮੈਂ ਸਮੂਹ ਹਰੇ ਪੌਦੇ ਜਾਨਵਰਾਂ ਨੂੰ ਦੇ ਰਿਹਾ ਹਾਂ। ਉਹ ਹਰੇ ਪੌਦੇ ਉਨ੍ਹਾਂ ਦਾ ਭੋਜਨ ਹੋਣਗੇ। ਧਰਤੀ ਉਤਲਾ ਹਰ ਜਾਨਵਰ, ਹਵਾ ਵਿੱਚਲਾ ਹਰ ਪੰਛੀ, ਅਤੇ ਉਹ ਸਾਰੇ ਛੋਟੇ ਜੀਵ ਜਿਹੜੇ ਧਰਤੀ ਉੱਤੇ ਰੀਂਗਦੇ ਹਨ, ਉਸ ਭੋਜਨ ਨੂੰ ਖਾਣਗੇ।” ਅਤੇ ਇਹ ਸਾਰੀਂਆਂ ਗੱਲਾ ਵਾਪਰ ਗਈਆਂ। 
31 ਪਰਮੇਸ਼ੁਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਤੱਕਿਆ ਜੋ ਉਸ ਨੇ ਸਾਜੀਆਂ ਸਨ ਅਤੇ ਉਸ ਨੇ ਵੇਖਿਆ ਕਿ ਸਭ ਕੁਝ ਬਹੁਤ ਚੰਗਾ ਸੀ। 
ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਛੇਵਾਂ ਦਿਨ ਸੀ।