ਸੂਰ ਬਾਰੇ ਇੱਕ ਉਦਾਸ ਸੰਦੇਸ 
26
1 ਜਲਾਵਤਨੀ ਦੇ 11ਵੇਂ ਵਰ੍ਹੇ ਵਿੱਚ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 
2 “ਆਦਮੀ ਦੇ ਪੁੱਤਰ, ਸੂਰ ਨੇ ਯਰੂਸ਼ਲਮ ਦੇ ਵਿਰੁੱਧ ਮੰਦਾ ਬੋਲਿਆ ਸੀ: ‘ਆਹਾ! ਲੋਕਾਂ ਦੀ ਰੱਖਿਆ ਕਰਨ ਵਾਲਾ ਫ਼ਾਟਕ ਤਬਾਹ ਹੋ ਗਿਆ ਹੈ! ਸ਼ਹਿਰ ਦਾ ਦਰਵਾਜ਼ਾ ਮੇਰੇ ਲਈ ਖੁਲ੍ਹ ਗਿਆ ਹੈ। ਸ਼ਹਿਰ ਬਰਬਾਦ ਹੋ ਗਿਆ ਹੈ, ਤਾਂ ਜੋ ਮੈਂ ਉੱਥੋਂ ਜੋ ਚਾਹਵਾਂ ਲੈ ਸੱਕਾਂ!’” 
3 ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ: “ਮੈਂ ਤੇਰੇ ਵਿਰੁੱਧ ਹਾਂ, ਸੂਰ! ਮੈਂ ਤੇਰੇ ਖਿਲਾਫ਼ ਜੰਗ ਕਰਨ ਲਈ ਬਹੁਤ ਸਾਰੀਆਂ ਕੌਮਾਂ ਨੂੰ ਲਿਆਵਾਂਗਾ। ਉਹ ਬਾਰ-ਬਾਰ ਆਉਣਗੀਆਂ, ਜਿਵੇਂ ਕੰਢੇ ਉੱਤੇ ਲਹਿਰਾਂ ਆਉਂਦੀਆਂ ਹਨ।” 
4 ਪਰਮੇਸ਼ੁਰ ਨੇ ਆਖਿਆ, “ਉਹ ਦੁਸ਼ਮਣ ਦੇ ਸਿਪਾਹੀ ਸੂਰ ਦੀਆਂ ਕੰਧਾਂ ਢਾਹ ਦੇਣਗੇ ਅਤੇ ਮੁਨਾਰੇ ਢਾਹ ਦੇਣਗੇ। ਮੈਂ ਵੀ ਉਸਦੀ ਧਰਤੀ ਦੀ ਉੱਪਰਲੀ ਮਿੱਟੀ ਖੁਰਚ ਦਿਆਂਗਾ। ਮੈਂ ਸੂਰ ਨੂੰ ਨੰਗੀ ਚੱਟਾਨ ਬਣਾ ਦਿਆਂਗਾ। 
5 ਸੂਰ ਮੱਛੀਆਂ ਦੇ ਜਾਲਾਂ ਨੂੰ ਠੀਕ ਕਰਨ ਵਾਲੀ ਜਗ੍ਹਾ ਬਣ ਜਾਵੇਗਾ। ਮੈਂ ਬੋਲ ਦਿੱਤਾ ਹੈ!” ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਸੂਰ ਹੋਰਨਾਂ ਕੌਮਾਂ ਦੀ ਲੁੱਟ ਹੋਵੇਗਾ। 
6 ਉਸ ਦੇ ਨਗਰ ਖੇਤਾਂ ਵਿੱਚ, ਜੰਗ ਵਿੱਚ ਮਾਰੇ ਜਾਣਗੇ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।” 
ਨਬੂਕਦਨੱਸਰ ਸੂਰ ਤੇ ਹਮਲਾ ਕਰੇਗਾ 
7 ਯਹੋਵਾਹ ਮੇਰਾ ਪ੍ਰਭੁ ਇਹ ਗੱਲਾਂ ਆਖਦਾ ਹੈ, “ਮੈਂ ਸੂਰ ਦੇ ਵਿਰੁੱਧ ਉੱਤਰ ਵੱਲੋਂ ਇੱਕ ਦੁਸ਼ਮਣ ਨੂੰ ਲਿਆਵਾਂਗਾ। ਦੁਸ਼ਮਣ ਬਾਬਲ ਦਾ ਮਹਾਨ ਰਾਜਾ, ਨਬੂਕਦਨੱਸਰ ਹੈ! ਉਹ ਬਹੁਤ ਵੱਡੀ ਫ਼ੌਜ ਲੈ ਕੇ ਆਵੇਗਾ। ਇੱਥੇ ਬਹੁਤ ਸਾਰੇ ਘੋੜੇ, ਰੱਥ, ਘੋੜਸਵਾਰ, ਅਤੇ ਵਿਸ਼ਾਲ ਅਤੇ ਸ਼ਕਤੀਸਾਲੀ ਫ਼ੌਜ ਹੋਵੇਗੀ। 
8 ਨਬੂਕਦਨੱਸਰ, ਤੁਹਾਡੇ ਨਗਰਾਂ ਨੂੰ ਖੇਤਾਂ ਵਿੱਚ ਮਾਰ ਦੇਵੇਗਾ। ਉਹ ਤੁਹਾਡੇ ਸ਼ਹਿਰ ਉੱਤੇ ਹਮਲਾ ਕਰਨ ਲਈ ਮੁਨਾਰੇ ਉਸਾਰੇਗਾ। ਉਹ ਤੁਹਾਡੇ ਸ਼ਹਿਰ ਦੇ ਆਲੇ-ਦੁਆਲੇ ਕਿਲ੍ਹੇ ਬੰਦ ਦੀਵਾਰ ਬਣਾਵੇਗਾ। ਉਹ ਕੰਧਾਂ ਤੱਕ ਪਹੁੰਚਣ ਵਾਲੀ ਢਲਵਾਨ ਬਣਾਵੇਗਾ। 
9 ਉਹ ਤੁਹਾਡੀਆਂ ਕੰਧਾਂ ਨੂੰ ਢਾਹੁਣ ਲਈ ਲੱਕੜੀ ਦੀਆਂ ਭਾਰੀਆਂ ਸ਼ਤੀਰੀਆਂ ਲਿਆਵੇਗਾ। ਉਹ ਤੁਹਾਡੇ ਮੁਨਾਰਿਆਂ ਨੂੰ ਢਾਹੁਣ ਲਈ ਛੜਾਂ ਦੀ ਵਰਤੋਂ ਕਰੇਗਾ। 
10 ਉਸ ਦੇ ਘੋੜੇ ਇੰਨੇ ਜ਼ਿਆਦਾ ਹੋਣਗੇ ਕਿ ਉਨ੍ਹਾਂ ਤੋਂ ਉੱਡਦੀ ਧੂੜ ਤੁਹਾਨੂੰ ਢੱਕੱ ਲਵੇਗੀ। ਤੁਹਾਡੀਆਂ ਕੰਧਾਂ ਘੋੜਸਵਾਰ ਸਿਪਾਹੀਆਂ, ਰੱਥਾਂ ਅਤੇ ਗੱਡੀਆਂ ਦੇ ਸ਼ੋਰ ਨਾਲ ਕੰਬ ਉੱਠਣਗੀਆਂ ਜਦੋਂ ਬਾਬਲ ਦਾ ਰਾਜਾ ਤੁਹਾਡੇ ਸ਼ਹਿਰ ਦੇ ਫ਼ਾਟਕਾਂ ਰਾਹੀਂ ਆਦਮੀਆਂ ਦੇ ਕਿਸੇ ਢਠ੍ਠੀਆਂ ਕੰਧਾਂ ਵਾਲੇ ਸ਼ਹਿਰ ਵਿੱਚ ਦਾਖਿਲ ਹੋਣ ਵਾਂਗ ਦਾਖਲ ਹੋਵੇਗਾ। 
11 ਬਾਬਲ ਦਾ ਰਾਜਾ ਤੁਹਾਡੇ ਸ਼ਹਿਰ ਰਾਹੀਂ ਸਵਾਰ ਹੋਕੇ ਆਵੇਗਾ। ਉਸ ਦੇ ਘੋੜਿਆਂ ਦੇ ਸੁਂਮ ਤੁਹਾਡੀਆਂ ਗਲੀਆਂ ਵਿੱਚ ਠਕ-ਠਕ ਕਰਦੇ ਆਉਣਗੇ। ਉਹ ਤੁਹਾਡੇ ਲੋਕਾਂ ਨੂੰ ਤਲਵਾਰ ਨਾਲ ਮਾਰ ਦੇਵੇਗਾ। ਤੁਹਾਡੇ ਸ਼ਹਿਰ ਦੇ ਮਜ਼ਬੂਤ ਥੰਮ ਧਰਤੀ ਉੱਤੇ ਢਹਿ ਢੇਰੀ ਹੋ ਜਾਣਗੇ। 
12 ਨਬੂਕਦਨੱਸਰ ਦੇ ਆਦਮੀ ਤੁਹਾਡੀਆਂ ਦੌਲਤਾਂ ਲੁੱਟ ਕੇ ਲੈ ਜਾਣਗੇ। ਜਿਹੜੀਆਂ ਚੀਜ਼ਾਂ ਤੁਸੀਂ ਵੇਚਣੀਆਂ ਚਾਹੁੰਦੇ ਸੀ, ਉਹ ਉਨ੍ਹਾਂ ਨੂੰ ਲੁੱਟ ਕੇ ਲੈ ਜਾਣਗੇ। ਉਹ ਤੁਹਾਡੀਆਂ ਕੰਧਾਂ ਢਾਹ ਦੇਣਗੇ ਅਤੇ ਤੁਹਾਡੇ ਸੁੰਦਰ ਘਰਾਂ ਨੂੰ ਤਬਾਹ ਕਰ ਦੇਣਗੇ। ਉਹ ਤੁਹਾਡੇ ਲੱਕੜੀ ਅਤੇ ਪੱਥਰ ਦੇ ਘਰਾਂ ਨੂੰ ਕੂੜੇ ਵਾਂਗ ਸਮੁੰਦਰ ਵਿੱਚ ਸੁੱਟ ਦੇਣਗੇ। 
13 ਇਸ ਲਈ ਮੈਂ ਤੁਹਾਡੀ ਖੁਸ਼ੀ ਦੇ ਗੀਤਾਂ ਦੀ ਆਵਾਜ਼ ਬੰਦ ਕਰ ਦਿਆਂਗਾ। ਲੋਕ ਫ਼ੇਰ ਕਦੇ ਵੀ ਤੁਹਾਡੀਆਂ ਰਬਾਬਾਂ ਦੀ ਆਵਾਜ਼ ਨਹੀਂ ਸੁਨਣਗੇ। 
14 ਮੈਂ ਤੁਹਾਨੂੰ ਨੰਗੀ ਚਟਾਨ ਬਣਾ ਦਿਆਂਗਾ। ਮੈਂ ਸਮੁੰਦਰ ਕੰਢੇ ਅਜਿਹੀ ਥਾਂ ਬਣਾਵਾਂਗਾ ਜਿੱਥੇ ਮੱਛੀਆਂ ਫ਼ੜਨ ਵਾਲੇ ਜਾਲ ਵਿਛਾਏ ਜਾਂਦੇ ਹਨ! ਤੁਹਾਨੂੰ ਫ਼ੇਰ ਨਹੀਂ ਉਸਾਰਿਆ ਜਾਵੇਗਾ। ਕਿਉਂ? ਕਿਉਂ ਕਿ ਮੈਂ, ਯਹੋਵਾਹ ਨੇ, ਬੋਲ ਦਿੱਤਾ ਹੈ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ। 
ਹੋਰ ਕੌਮਾਂ ਸੂਰ ਲਈ ਰੋਣਗੀਆਂ 
15 ਮੇਰਾ ਪ੍ਰਭੂ, ਯਹੋਵਾਹ ਸੂਰ ਨੂੰ ਇਹ ਆਖਦਾ ਹੈ: “ਮੈਡੀਟੇਰੇਨੀਅਨ ਸਮੁੰਦਰ ਕੰਢੇ ਦੇ ਦੇਸ ਤੁਹਾਡੇ ਪਤਨ ਦੀ ਆਵਾਜ਼ ਨਾਲ ਕੰਬ ਉੱਠਣਗੇ। ਅਜਿਹਾ ਉਦੋਂ ਵਾਪਰੇਗਾ ਜਦੋਂ ਤੁਹਾਡੇ ਲੋਕ ਜ਼ਖਮੀ ਹੋਣਗੇ ਅਤੇ ਮਾਰੇ ਜਾਣਗੇ। 
16 ਫ਼ੇਰ ਸਮੁੰਦਰ ਕੰਢੇ ਦੇ ਸਾਰੇ ਦੇਸਾਂ ਦੇ ਸਾਰੇ ਆਗੂ ਆਪਣੇ ਤਖਤਾਂ ਤੋਂ ਹੇਠਾਂ ਉਤਰ ਆਉਣਗੇ ਅਤੇ ਆਪਣਾ ਗ਼ਮ ਪ੍ਰਗਟ ਕਰਨਗੇ। ਉਹ ਆਪਣੇ ਖੂਬਸੂਰਤ ਚੋਲੇ ਉਤਾਰ ਦੇਣਗੇ। ਉਹ ਆਪਣੇ ਖੂਬਸੂਰਤ ਬਸਤਰ ਉਤਾਰ ਦੇਣਗੇ। ਫ਼ੇਰ ਉਹ ਆਪਣੇ ਡਰ ਵਾਲੇ ਬਸਤਰ ਪਾ ਲੈਣਗੇ। ਉਹ ਧਰਤੀ ਉੱਤੇ ਬੈਠ ਜਾਣਗੇ ਅਤੇ ਡਰ ਨਾਲ ਕੰਬਣਗੇ। ਉਹ ਇਸ ਤੱਬ ਤੋਂ ਹੈਰਾਨ ਹੋ ਜਾਣਗੇ ਕਿ ਤੁਸੀਂ ਕਿੰਨੀ ਛੇਤੀ ਨਾਲ ਤਬਾਹ ਹੋ ਗਏ ਸੀ। 
17 ਉਹ ਤੁਹਾਡੇ ਬਾਰੇ ਇਹ ਸੋਗੀ ਗੀਤ ਗਾਉਣਗੇ: 
“‘ਸੂਰ, ਤੂੰ ਸੀ ਇੱਕ ਮਸ਼ਹੂਰ ਸ਼ਹਿਰ। 
ਸਮੁੰਦਰ ਪਾਰੋ ਲੋਕ ਆਉਂਦੇ ਸਨ ਤੇਰੇ ਅੰਦਰ ਰਹਿਣ ਲਈ। 
ਮਸ਼ਹੂਰ ਸੈਂ ਤੂੰ, ਪਰ ਹੁਣ ਹੋਰ ਨਹੀਂ ਰਿਹਾ ਤੂੰ! 
ਤੂੰ ਸੀ ਮਜ਼ਬੂਤ ਸਮੁੰਦਰ ਉੱਤੇ, 
ਅਤੇ ਇਸੇ ਤਰ੍ਹਾਂ ਦੇ ਸਨ ਲੋਕ ਤੇਰੇ ਅੰਦਰ ਰਹਿਣ ਵਾਲੇ। 
ਭੈਭੀਤ ਕੀਤਾ ਸੀ ਤੂੰ ਸਮੁੰਦਰ ਕੰਢੇ ਦੀ ਜ਼ਮੀਨ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ। 
18 ਹੁਣ, ਜਿਸ ਦਿਨ ਤੇਰਾ ਪਤਨ ਹੋਵੇਗਾ, 
ਸਮੁੰਦਰ ਕੰਢੇ ਦੇ, ਲੋਕ ਕੰਬਣਗੇ ਡਰ ਨਾਲ। 
ਬਹੁਤ ਬਸਤੀਆਂ ਸ਼ੁਰੂ ਕੀਤੀਆਂ ਤੂੰ ਸਮੁੰਦਰ ਕੰਢੇ। 
ਹੁਣ ਲੋਕ ਭੈਭੀਤ ਹੋ ਜਾਣਗੇ, ਜਦੋਂ ਤੂੰ ਹੋਰ ਵੱਧੇਰੇ ਨਹੀਂ ਰਹੇਂਗਾ!’” 
19 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਸੂਰ, ਮੈਂ ਤੈਨੂੰ ਤਬਾਹ ਕਰ ਦਿਆਂਗਾ। ਅਤੇ ਤੂੰ ਇੱਕ ਪੁਰਾਣਾ ਸੱਖਣਾ ਸ਼ਹਿਰ ਬਣ ਜਾਵੇਂਗਾ। ਕੋਈ ਵੀ ਓਥੇ ਨਹੀਂ ਰਹੇਗਾ। ਮੈਂ ਸਮੁੰਦਰ ਨੂੰ ਤੇਰੇ ਉੱਪਰੋਂ ਵਗਾ ਦਿਆਂਗਾ। ਉਹ ਮਹਾਨ ਸਮੁੰਦਰ ਤੈਨੂੰ ਢੱਕੱ ਲਵੇਗਾ। 
20 ਮੈਂ ਤੈਨੂੰ ਹੇਠਾਂ ਉਸ ਡੂੰਘੀ ਖੱਡ ਵਿੱਚ ਸੁੱਟ ਦਿਆਂਗਾ-ਉਸ ਥਾਂ ਉੱਤੇ, ਜਿੱਥੇ ਮੁਰਦਾ ਲੋਕ ਹਨ। ਤੂੰ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਜਾਵੇਂਗਾ ਜਿਹੜੇ ਬਹੁਤ ਪਹਿਲਾਂ ਮਰ ਗਏ ਸਨ। ਮੈਂ ਤੈਨੂੰ ਹੋਰਨਾਂ ਪੁਰਾਣੇ ਖਾਲੀ ਸ਼ਹਿਰਾਂ ਵਾਂਗ ਹੇਠਲੀ ਦੁਨੀਆਂ ਵਿੱਚ ਭੇਜ ਦਿਆਂਗਾ। ਤੂੰ ਉਨ੍ਹਾਂ ਹੋਰ ਸਾਰਿਆਂ ਨਾਲ ਹੋਵੇਂਗਾ ਜਿਹੜੇ ਕਬਰ ਵਿੱਚ ਹੇਠਾਂ ਚੱਲੇ ਜਾਂਦੇ ਹਨ। ਫ਼ੇਰ ਕੋਈ ਵੀ ਤੇਰੇ ਅੰਦਰ ਨਹੀਂ ਰਹੇਗਾ। ਤੂੰ ਫ਼ੇਰ ਕਦੇ ਵੀ ਜਿਉਂਦੇ ਲੋਕਾਂ ਦੀ ਧਰਤੀ ਵਿੱਚ ਨਹੀਂ ਹੋਵੇਂਗਾ! 
21 ਹੋਰ ਲੋਕ ਇਸ ਗੱਲੋ ਭੈਭੀਤ ਹੋਣਗੇ ਕਿ ਤੁਹਾਡੇ ਨਾਲ ਕੀ ਵਾਪਰਿਆ। ਤੂੰ ਖਤਮ ਹੋ ਜਾਵੇਂਗਾ! ਲੋਕ ਤੇਰੀ ਤਲਾਸ਼ ਕਰਨਗੇ ਪਰ ਉਹ ਤੈਨੂੰ ਫ਼ੇਰ ਕਦੇ ਵੀ ਨਹੀਂ ਲੱਭ ਸੱਕਣਗੇ!” ਇਹੀ ਹੈ ਜੋ ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ।