ਇਸਰਾਏਲ ਲਈ ਇੱਕ ਸ਼ੋਕ ਗੀਤ 
5
1 ਇਸਰਾਏਲ ਦੇ ਲੋਕੋ! ਇਸ ਗੀਤ ਨੂੰ ਧਿਆਨ ਨਾਲ ਸੁਣੋ। ਇਹ ਵੈਣ ਤੁਹਾਡੇ ਉੱਤੇ ਹੈ। 
2 ਇਸਰਾਏਲ ਅਣਵਿਆਹੀ ਕੁੜੀ ਵਰਗਾ ਹੈ ਜੋ ਹੇਠਾਂ ਡਿੱਗ ਪਈ ਹੈ। 
ਉਹ ਫ਼ੇਰ ਖੜੀ ਹੋਣ ਦੇ ਯੋਗ ਨਹੀਂ ਹੋਵੇਗੀ। 
ਉਹ ਜ਼ਮੀਨ ਤੇ ਇੱਕਲੀ ਛੱਡ ਦਿੱਤੀ ਗਈ ਹੈ। 
ਹੁਣ ਕੋਈ ਵੀ ਵਿਅਕਤੀ ਉਸ ਨੂੰ ਉੱਪਰ ਉੱਠਾਉਣ ਦੇ ਯੋਗ ਨਹੀਂ ਹੋਵੇਗਾ। 
3 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: 
“ਜਿਸ ਸ਼ਹਿਰ ਵਿੱਚੋਂ ਅਧਿਕਾਰੀ ਹਜ਼ਾਰ ਮਨੁੱਖ ਲੈ ਕੇ ਨਿਕਲਣਗੇ, 
ਸੌ ਆਦਮੀ ਲੈ ਕੇ ਵਾਪਸ ਪਰਤਨਗੇ 
ਅਤੇ ਜਿਸ ਸ਼ਹਿਰ ਵਿੱਚੋਂ ਅਧਿਕਾਰੀ ਸੌ ਆਦਮੀ ਲੈ ਕੇ ਨਿਕਲਣਗੇ ਸਿਰਫ਼ ਦਸ ਲੋਕ ਹੀ 
ਇਸਰਾਏਲ ਨੂੰ ਵਾਪਸ ਪਰਤਣਗੇ।” 
ਯਹੋਵਾਹ ਦਾ ਇਸਰਾਏਲ ਨੂੰ ਪਰਤਣ ਲਈ ਪ੍ਰੇਰਣਾ 
4 ਯਹੋਵਾਹ ਇਸਰਾਏਲ ਦੇ ਰਾਜ ਨੂੰ ਇਉਂ ਫ਼ੁਰਮਾਉਂਦਾ ਹੈ: 
“ਮੈਨੂੰ ਭਾਲਣ ਆਓ ਅਤੇ ਜੀਵੋ। 
5 ਪਰ ਬੈਤ-ਏਲ ਵਿੱਚ ਨਾ 
ਵੇਖੋ ਗਿਲਗਾਲ ਵੱਲ ਨਾ ਜਾਣਾ 
ਨਾ ਬਏਰਸ਼ਬਾ ਦੀ ਸੀਮਾ ਪਾਰ ਕਰੋ 
ਗਿਲਗਾਲ ਦੇ ਮਨੁੱਖ ਲੈ ਜਾਕੇ ਅਸੀਰ ਕੀਤੇ ਜਾਣਗੇ 
ਅਤੇ ਬੈਤ-ਏਲ ਤਬਾਹ ਹੋ ਜਾਵੇਗਾ। 
6 ਯਹੋਵਾਹ ਦੀ ਮਦਦ ਤੱਕੋ ਫ਼ੇਰ ਹੀ ਤੁਸੀਂ ਜਿਉਵੋਂਗੇ। 
ਨਹੀਂ ਤਾਂ ਯੂਸਫ਼ ਦੇ ਘਰ ਤੋਂ ਇੱਕ ਅੱਗ ਭੜਕੇਗੀ ਜੋ ਉਸਦਾ ਘਰ ਤਬਾਹ ਕਰ ਦੇਵੇਗੀ। 
ਬੈਤ-ਏਲ ਵਿੱਚਲਾ ਕੋਈ ਵੀ ਮਨੁੱਖ ਇਸ ਅੱਗ ਨੂੰ ਬੁਝਾਉਣ ਯੋਗ ਨਹੀਂ ਹੋਵੇਗਾ। 
7-9 ਯਹੋਵਾਹ ਹੀ ਸਪਤਰਿਸ਼ੀ ਅਤੇ ਤਾਕਤ ਪੁੰਜ ਨੂੰ ਬਨਾਉਣ ਵਾਲਾ ਹੈ, 
ਉਹੀ ਹਨੇਰ ਨੂੰ ਦਿਨ ’ਚ ਅਤੇ ਦਿਨ ਨੂੰ ਰਾਤ ’ਚ ਉਲਬਾਉਣ ਵਾਲਾ ਹੈ 
ਉਹ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ 
ਅਤੇ ਧਰਤੀ ਉੱਪਰ ਵਰ੍ਹਾਉਂਦਾ ਹੈ ਉਸਦਾ ਨਾਉਂ ਯਾਹਵੇਹ ਹੈ। 
ਉਹ ਇੱਕ ਮਜ਼ਬੂਤ ਸ਼ਹਿਰ 
ਅਤੇ ਉਸ ਦੇ ਕਿਲਿਆਂ ਉੱਤੇ ਤਬਾਹੀ ਲਿਆਉਂਦਾ ਹੈ।” 
ਇਸਰਾਏਲੀਆਂ ਦੀਆਂ ਬਦ ਕਰਨੀਆਂ 
ਤੂੰ ਚੰਗਿਆਈ ਨੂੰ ਜ਼ਹਿਰ ’ਚ ਬਦਲ ਦਿੱਤਾ 
ਅਤੇ ਨਿਆਂ ਨੂੰ ਖਤਮ ਕਰਕੇ ਜ਼ਮੀਨ ਤੇ ਪਟਕ ਦਿੱਤਾ ਹੈ। 
10 ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਨਫ਼ਰਤ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ, 
ਅਤੇ ਸੱਚ ਬੋਲਣ ਵਾਲਿਆਂ ਨੂੰ ਤਿਰਸੱਕਾਰਿਆ। 
11 ਤੁਸੀਂ ਗਰੀਬਾਂ ਤੋਂ ਨਾਜਾਇਜ਼ ਕਰ ਲੈਂਦੇ 
ਅਤੇ ਉਨ੍ਹਾਂ ਤੋਂ ਵਾਧੂ ਕਣਕ ਲੈਂਦੇ 
ਅਤੇ ਆਪਣੇ ਘਰਾਂ ਨੂੰ ਕੀਮਤੀ ਪੱਥਰ ਨਾਲ ਸਜਾਉਂਦੇ ਤੇ ਘੜਦੇ 
ਪਰ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਨਾ ਪਾਵੋਂਗੇ 
ਤੁਸੀਂ ਅੱਤ ਸੁੰਦਰ ਅੰਗੂਰਾਂ ਦੇ ਬਾਗ਼ ਲਗਵਾਏ 
ਪਰ ਤੁਸੀਂ ਉਨ੍ਹਾਂ ਦੀ ਮੈਅ ਨਾ ਪੀ ਸੱਕੇਂਗੇ। 
12 ਕਿਉਂ ਕਿ ਮੈਂ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ। 
ਤੁਸੀਂ ਸੱਚਮੁੱਚ ਹੀ ਕੁਝ ਬੜੇ ਮੰਦੇ ਕੰਮ ਕੀਤੇ ਹਨ 
ਤੁਸੀਂ ਨੇਕੀ ਦੀ ਰਾਹ ਚਲਦੇ ਲੋਕਾਂ ਨੂੰ ਸਤਾਇਆ ਗ਼ਲਤ ਕੰਮਾਂ 
ਲਈ ਰਿਸ਼ਵਤ ਲਿੱਤੀ ਅਦਾਲਤ ਵਿੱਚ ਗਰੀਬਾਂ ਦਾ ਹੱਕ ਮਾਰਿਆ। 
13 ਉਸ ਵਕਤ ਵਿੱਚ ਸਿਆਣਾ ਮਨੁੱਖ ਚੁੱਪ ਸਾਧ ਲਵੇਗਾ 
ਕਿਉਂ ਕਿ ਉਹ ਸਮਾਂ ਬੁਰਾ ਹੈ। 
14 ਤੁਸੀਂ ਕਹਿੰਦੇ ਹੋ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ 
ਇਸ ਲਈ ਤੁਹਾਨੂੰ ਭੈੜੇ ਕੰਮ ਛੱਡ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ 
ਤੁਸੀਂ ਜਿਉਂਦੇ ਰਹੋਂਗੇ ਅਤੇ 
ਸਰਬ ਸ਼ਕਤੀਮਾਨ ਯਹੋਵਾਹ ਸਦਾ ਤੁਹਾਡੇ ਅੰਗ-ਸੰਗ ਹੋਵੇਗਾ। 
15 ਬੁਰਿਆਈ ਨੂੰ ਤਿਆਗ ਚੰਗਿਆਈ ਨੂੰ ਪਿਆਰ ਕਰੋ ਅਦਾਲਤਾਂ ਵਿੱਚ ਇਨਸਾਫ਼ ਵਾਪਸ ਲਿਆਓ ਸ਼ਾਇਦ ਫਿਰ ਯਹੋਵਾਹ ਸੈਨਾ ਦਾ ਪਰਮੇਸ਼ੁਰ ਯੂਸਫ਼ ਦੇ ਬਚੇ ਘਰਾਣੇ ਤੇ ਮਿਹਰਬਾਨ ਹੋ ਜਾਵੇ। 
ਮਹਾਂ ਉਦਾਸੀ ਦਾ ਸਮਾਂ ਆ ਰਿਹਾ ਹੈ 
16 ਮੇਰਾ ਪ੍ਰਭੂ, ਸਰਬਸ਼ਕਤੀਮਾਨ ਪਰਮੇਸ਼ੁਰ ਆਖਦਾ ਹੈ, 
“ਚੌਁਕਾ ਵਿੱਚ ਲੋਕ ਕੁਰਲਾਉਣਗੇ ਗਲੀਆਂ ਵਿੱਚ 
ਉਹ ਚੀਤਕਾਰ ਕਰਣਗੇ ਲੋਕ ਭਾੜੇ ਤੇ ਵੈਣ ਵਾਲਿਆਂ ਨੂੰ ਖਰੀਦਣਗੇ। 
17 ਲੋਕ ਅੰਗੂਰਾਂ ਦੇ ਬਾਗ਼ ਵਿੱਚ ਰੋਣ-ਪਿੱਟਣਗੇ 
ਕਿਉਂ ਕਿ ਮੈਂ ਉੱਥੋਂ ਦੀ ਲੰਘਦਾ ਤੁਹਾਨੂੰ ਦੰਡ ਦੇਵਾਂਗਾ।” 
ਯਹੋਵਾਹ ਨੇ ਇਹ ਕੁਝ ਆਖਿਆ ਹੈ। 
18 ਤੁਹਾਡੇ ਵਿੱਚੋਂ ਕੁਝ ਲੋਕ 
ਯਹੋਵਾਹ ਦੇ ਨਿਆਂ ਦੇ ਖਾਸ ਦਿਨਾਂ ਨੂੰ ਵੇਖਣਾ ਲੋਚਦੇ 
ਹਨ ਭਲਾ ਤੁਸੀਂ ਉਹ ਕਿਉਂ ਵੇਖਣਾ ਚਾਹੁੰਦੇ ਹੋ? 
ਯਹੋਵਾਹ ਦਾ ਖਾਸ ਦਿਨ ਰੋਸ਼ਨੀ ਨਹੀਂ ਹਨੇਰਾ ਕਰੇਗਾ। 
19 ਤੁਸੀਂ ਉਸ ਮਨੁੱਖ ਵਾਂਗ ਹੋਵੋਂਗੇ ਜੋ ਬੱਬਰ-ਸ਼ੇਰ ਤੋਂ ਬਚ ਜਾਂਦਾ 
ਪਰ ਉਸਤੇ ਰਿੱਛ ਹਮਲਾ ਕਰ ਦਿੰਦਾ ਹੈ। 
ਤੁਸੀਂ ਅਜਿਹੇ ਮਨੁੱਖ ਵਾਂਗ ਹੋਵੋਂਗੇ ਜੋ ਆਪਣੀ ਹਿਫ਼ਾਜ਼ਤ ਲਈ ਘਰ ’ਚ ਵੜਕੇ, 
ਕੰਧ ਤੇ ਝੁਕੇ ਅਤੇ ਸੱਪ ਤੋਂ ਡਸਿਆ ਜਾਵੇ। 
20 ਯਹੋਵਾਹ ਦਾ ਖਾਸ ਦਿਨ 
ਖੁਸ਼ੀ ਦਾ ਨਹੀਂ ਸੋਗ ਦਾ ਹੋਵੇਗਾ ਹਨੇਰੇ ਦਾ ਨਾ ਕਿ ਰੋਸ਼ਨੀ ਦਾ ਘੁੱਪ ਹਨੇਰ ਦਾ ਜਿਸ ਵਿੱਚ ਕੋਈ ਰੋਸ਼ਨੀ ਦੀ ਲੀਕ ਨਹੀਂ। 
ਯਹੋਵਾਹ ਵੱਲੋਂ ਇਸਰਾਏਲ ਦੀ ਉਪਾਸਨਾ ਨੂੰ ਰੱਦ ਕਰਨਾ 
21 “ਮੈਂ ਤੁਹਾਡੇ ਪਰਬਾਂ ਨੂੰ ਨਫ਼ਰਤ ਕਰਦਾ ਹਾਂ 
ਅਤੇ ਉਨ੍ਹਾਂ ਨੂੰ ਰੱਦ ਕਰਦਾ ਹਾਂ। 
ਮੈਂ ਤੁਹਾਡੀਆਂ ਧਾਰਮਿਕ ਸਭਾਵਾਂ ਨੂੰ ਵੀ ਨਹੀਂ ਮਾਣਦਾ। 
22 ਭਾਵੇਂ ਤੁਸੀਂ ਮੈਨੂੰ ਹੋਮ ਦੀਆਂ ਭੇਟਾਂ 
ਅਤੇ ਅਨਾਜ ਦੀਆਂ ਭੇਟਾ ਚੜ੍ਹਾਵੋ ਮੈਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦਾ। 
23 ਆਪਣੇ ਗੀਤ ਮੈਥੋਂ ਦੂਰ ਰੱਖੋ 
ਮੈਂ ਤੁਹਾਡੇ ਰਬਾਬਾਂ ਦਾ ਸੰਗੀਤ ਨਾ ਸੁਣਾਂਗਾ। 
24 ਤੁਹਾਡੇ ਦੇਸ ਵਿੱਚ ਭਲਾਈ ਨਿਰਛਲ ਪਾਣੀਆਂ ਵਾਂਗ ਵਹਿਣੀ ਚਾਹੀਦੀ ਹੈ 
ਅਤੇ ਚੰਗਿਆਈ ਵਗਦੀ ਨਦੀ ਵਾਂਗ ਜਿਹੜੀ ਕਿ ਕਦੇ ਸੁੱਕਦੀ ਨਹੀਂ। 
25 ਹੇ ਇਸਰਾਏਲ, ਕੀ ਤੁਸੀਂ ਉਜਾੜ ਵਿੱਚਲੇ ਚਾਲੀ ਵਰ੍ਹਿਆਂ ਦੌਰਾਨ 
ਮੈਨੂੰ ਭੇਟਾਵਾਂ ਅਤੇ ਬਲੀਆਂ ਚੜ੍ਹਾਈਆਂ? ਨਹੀਂ। 
26 ਅਤੇ ਤੁਸੀਂ ਉਹ ਮੂਰਤੀਆਂ ਚੁੱਕੋਂਗੇ ਜਿਹੜੀਆਂ ਤੁਸੀਂ ਆਪਣੇ ਰਾਜੇ ਸੱਕੂਬ ਅਤੇ ਕੈਵਾਨ, 
ਆਪਣੇ ਤਾਰੇ-ਦੇਵਤੇ ਦੀਆਂ ਬਣਾਈਆਂ, ਜਿਨ੍ਹਾਂ ਨੂੰ ਤੁਸੀਂ ਆਪਣੇ ਦੇਵਤੇ ਹੋਣ ਲਈ ਬਣਾਇਆ। 
27 ਇਸ ਲਈ ਮੈਂ ਤੁਹਾਨੂੰ ਦੰਮਿਸਕ ਤੋਂ ਦੇਸ਼-ਨਿਕਾਲਾ ਦੇ ਦੇਵਾਂਗਾ।” 
ਯਹੋਵਾਹ ਇਹ ਸ਼ਬਦ ਆਖਦਾ ਹੈ। 
ਉਸਦਾ ਨਾਮ ਸਰਬ ਸ਼ਕਤੀਮਾਨ ਪਰਮੇਸ਼ੁਰ ਹੈ।