ਇਸਰਾਏਲ ਨੂੰ ਚੇਤਾਵਨੀ 
3
1 ਹੇ ਇਸਰਾਏਲੀਓ, ਇਹ ਸੰਦੇਸ਼ ਸੁਣੋ! ਯਹੋਵਾਹ ਨੇ ਤੁਹਾਡੇ ਬਾਰੇ ਇਹ ਗੱਲਾਂ ਆਖੀਆਂ ਹਨ। ਇਹ ਸੰਦੇਸ਼ ਉਸ ਪੂਰੇ ਪਰਿਵਾਰ ਦੇ ਖਿਲਾਫ਼ ਹੈ ਜਿਸ ਨੂੰ ਮੈਂ ਮਿਸਰ ਤੋਂ ਲਿਆਇਆ। 
2 “ਇਸ ਧਰਤੀ ਤੇ ਬਹੁਤ ਸਾਰੇ ਘਰਾਣੇ ਹਨ ਪਰ ਉਨ੍ਹਾਂ ਸਾਰਿਆਂ ਵਿੱਚੋਂ ਸਿਰਫ਼ ਤੁਹਾਨੂੰ ਮੈਂ ਤਰਜੀਹ ਦਿੱਤੀ। ਅਤੇ ਤੁਸੀਂ ਹੀ ਮੇਰੇ ਖਿਲਾਫ਼ ਹੋ ਗਏ। ਇਸ ਲਈ ਮੈਂ ਤੁਹਾਡੇ ਸਾਰੇ ਕੀਤੇ ਪਾਪਾਂ ਲਈ ਤੁਹਾਨੂੰ ਸਜ਼ਾ ਦੇਵਾਂਗਾ।” 
ਇਸਰਾਏਲ ਦੀ ਸਜ਼ਾ ਦਾ ਕਾਰਣ 
3 ਦੋ ਮਨੁੱਖ ਸਹਿਮਤੀ ਬਗ਼ੈਰ 
ਇਕੱਠੇ ਨਾ ਤੁਰਨਗੇ। 
4 ਜੰਗਲ ਵਿੱਚ ਸ਼ੇਰ ਸ਼ਿਕਾਰ ਲੱਭਣ ਉਪਰੰਤ ਹੀ ਗੱਜੇਗਾ। 
ਜੇਕਰ ਕੋਈ ਬੱਬਰ-ਸ਼ੇਰ ਆਪਣੀ ਖੁੰਦਰ ਵਿੱਚੋਂ ਗੱਜੇਗਾ 
ਤਾਂ ਇਸਦਾ ਮਤਲਬ ਉਸ ਦੇ ਹੱਥ ਕੋਈ ਸ਼ਿਕਾਰ ਲੱਗਾ ਹੈ। 
5 ਇੱਕ ਪੰਛੀ ਤਾਂ ਹੀ ਫ਼ਸੇਗਾ 
ਜੇ ਉਸ ਨੂੰ ਫ਼ਸਾਉਣ ਲਈ ਇੱਕ ਜਾਲ ਹੈ। 
ਉਸ ਦਾ ਜਾਲ ਤਾਂ ਹੀ ਛੜੱਪਾ ਮਾਰੇਗਾ 
ਜੇ ਓਥੇ ਫ਼ੜਨ ਲਈ ਕੋਈ ਪੰਛੀ ਹੋਵੇਗਾ। 
6 ਜੇਕਰ ਤੁਰ੍ਹੀ ਸ਼ਹਿਰ ਵਿੱਚ ਚੇਤਾਵਨੀ ਦੇਵੇ 
ਜ਼ਰੂਰ ਹੀ ਲੋਕ ਡਰ ਨਾਲ ਕੰਬ ਉੱਠਣਗੇ। 
ਜੇਕਰ ਸਹਿਰ ਵਿੱਚ ਕੋਈ ਦੁਰਘਟਨਾ ਘਟ ਜਾਵੇ 
ਤਾਂ ਅਵੱਸ਼ ਇਹ ਯਹੋਵਾਹ ਹੀ ਕਰਦਾ ਹੈ। 
7 ਪ੍ਰਭੂ ਮੇਰਾ ਯਹੋਵਾਹ ਭਾਵੇਂ ਕੋਈ ਫ਼ੈਸਲਾ ਲੈ ਲਵੇ ਪਰ ਕੁਝ ਵੀ ਕਰਨ ਤੋਂ ਪਹਿਲਾਂ ਉਹ ਆਪਣੀ ਯੋਜਨਾ ਆਪਣੇ ਸੇਵਕਾਂ, ਨਬੀਆਂ ਨੂੰ ਜ਼ਰੂਰ ਪ੍ਰਗਟਾਵੇਗਾ। 
8 ਜੇਕਰ ਸ਼ੇਰ ਗਰਜਦਾ ਹੈ ਤਾਂ ਲੋਕ ਡਰ ਜਾਂਦੇ ਹਨ, ਜੇਕਰ ਯਹੋਵਾਹ ਬੋਲਦਾ ਹੈ, ਤਾਂ ਨਬੀ ਅਗੰਮੀ ਵਾਕ ਆਖਦੇ ਹਨ। 
9 ਜਾਓ ਅਤੇ ਜਾਕੇ ਮਿਸਰ ਅਤੇ ਅਸ਼ਦੋਦ ਦੇ ਕਿਲਿਆਂ ਵਿੱਚ ਇਸ ਸੰਦੇਸ਼ ਦਾ ਐਲਾਨ ਕਰੋ: “ਸਾਮਰਿਯਾ ਦੇ ਪਹਾੜਾਂ ਉੱਪਰ ਇਕੱਠੇ ਹੋ ਜਾਵੋ। ਉੱਥੇ ਤੁਸੀਂ ਵੱਡੀ ਤਬਾਹੀ ਅਤੇ ਅਤਿਆਚਾਰ ਵੇਖੋਁਗੇ। 
10 ਕਿਉਂ ਕਿ ਲੋਕਾਂ ਨੂੰ ਸਹੀ ਜੀਵਨ ਜਿਉਣ ਦੀ ਜਾਂਚ ਨਹੀਂ ਹੈ। ਉਹ ਲੋਕ ਆਪਣੇ ਮਹਿਲ ਵਿੱਚ ਹੋਰਾਂ ਲੋਕਾਂ ਲਈ ਬੜੇ ਜ਼ਾਲਿਮ ਹਨ। ਇਹੀ ਹੈ ਜੋ ਯਹੋਵਾਹ ਨੇ ਆਖਿਆ।” 
11 ਇਸ ਲਈ ਯਹੋਵਾਹ ਆਖਦਾ, “ਵੈਰੀ ਇਸ ਦੇਸ ਨੂੰ ਘੇਰ ਲਵੇਗਾ ਅਤੇ ਤੁਹਾਡੀ ਸ਼ਕਤੀ ਤੁਹਾਡੇ ਤੋਂ ਖੋਹ ਲਵੇਗਾ। ਉਹ ਤੁਹਾਡੇ ਮਹਿਲਾਂ ਵਿੱਚ ਲੁਕੇ ਹੋਏ ਖਜ਼ਾਨੇ ਖੋਹ ਲਵੇਗਾ।” 
12 ਯਹੋਵਾਹ ਆਖਦਾ ਹੈ, 
“ਬੱਬਰ-ਸ਼ੇਰ ਲੇਲੇ ਤੇ ਹਮਲਾ ਕਰੇ 
ਅਤੇ ਆਜੜੀ ਲੇਲੇ ਨੂੰ ਬਚਾਉਣ ਦਾ ਯਤਨ ਕਰਦਾ ਹੈ, 
ਪਰ ਉਹ ਲੇਲੇ ਦਾ ਕੁਝ ਹਿੱਸਾ ਹੀ 
ਬਚਾਅ ਪਾਉਂਦਾ ਹੈ। 
ਜਿਵੇਂ ਉਹ ਦੋ ਲੱਤਾਂ ਜਾਂ ਕੰਨ ਆਦਿ ਉਸ ਦੇ ਮੂੰਹੋਂ ਛੁਡਾਅ ਲੈਂਦਾ ਹੈ 
ਉਸੇ ਤਰ੍ਹਾਂ ਬਹੁਤ ਸਾਰੇ ਇਸਰਾਏਲ ਦੇ ਲੋਕ ਤਾਂ ਬਰਬਾਦ ਹੋ ਜਾਣਗੇ। 
ਇਸਰਾਏਲੀ ਛੁਡਾਏ ਤਾਂ ਜਾਣਗੇ ਪਰ ਸਾਮਰਿਯਾ ਵਿੱਚ ਵਸਦੇ ਲੋਕ ਮੰਜੀਆਂ ਦੀਆਂ ਨੁਕਰਾਂ ਉੱਤੇ 
ਅਤੇ ਗਦਿਆਂ ਦੇ ਇੱਕ ਟੁਕੜੇ ਦੇ ਤੁਲ ਉਨ੍ਹਾਂ ਦਾ ਬਚਾਅ ਹੋਵੇਗਾ।” 
13 ਮੇਰੇ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੇ ਇਹ ਬਚਨ ਆਖੇ ਹਨ: “ਯਾਕੂਬ ਦੇ ਘਰਾਣੇ (ਇਸਰਾਏਲ) ਨੂੰ ਇਨ੍ਹਾਂ ਗੱਲਾਂ ਤੋਂ ਖਬਰਦਾਰ ਕਰੋ। 
14 ਇਸਰਾਏਲ ਨੇ ਪਾਪ ਕੀਤੇ ਹਨ ਅਤੇ ਮੈਂ ਉਨ੍ਹਾਂ ਨੂੰ ਪਾਪਾਂ ਦੀ ਸਜ਼ਾ ਦੇਵਾਂਗਾ। ਮੈਂ ਬੈਤ-ਏਲ ਦੀਆਂ ਜਗਵੇਦੀਆਂ ਨੂੰ ਨਸ਼ਟ ਕਰ ਦੇਵਾਂਗਾ। ਅਤੇ ਜਗਵੇਦੀ ਦੇ ਸਿੰਗ ਕੱਟੇ ਜਾਣਗੇ ਤੇ ਕੱਟਕੇ ਧਰਤੀ ਤੇ ਢਹਿ ਜਾਣਗੇ। 
15 ਮੈਂ ਸਰਦੀ ਦੇ ਮਹਿਲ ਨੂੰ ਗਰਮੀ ਦੇ ਮਹਿਲ ਨਾਲ ਨਸ਼ਟ ਕਰਾਂਗਾ। ਹਾਬੀ ਦੰਦ ਦਾ ਮਹਿਲ ਵੀ ਨਸ਼ਟ ਹੋ ਜਾਵੇਗਾ। ਬਹੁਤ ਸਾਰੇ ਘਰ ਤਬਾਹ ਹੋ ਜਾਣਗੇ।” ਯਹੋਵਾਹ ਨੇ ਇਹ ਗੱਲਾਂ ਆਖੀਆਂ।