ਪਵਿੱਤਰ ਆਤਮਾ ਦਾ ਆਗਮਨ 
2
1 ਜਦੋਂ ਪੰਤੇਕੁਸਤ ਦਾ ਦਿਨ ਆਇਆ, ਤਾਂ ਉਹ ਸਾਰੇ ਇੱਕ ਜਗ਼੍ਹਾ ਇੱਕਤਰ ਸਨ। 
2 ਅਚਾਨਕ ਆਕਾਸ਼ ਵਿੱਚੋਂ ਇੱਕ ਅਵਾਜ਼ ਸੁਣਾਈ ਦਿੱਤੀ ਜੋ ਹਨੇਰੀ ਵਾਂਗ ਸੀ। ਇਸ ਅਵਾਜ਼ ਨੇ ਉਹ ਸਾਰੀ ਜਗ਼੍ਹਾ ਭਰ ਦਿੱਤੀ ਜਿੱਥੇ ਉਹ ਬੈਠੇ ਸਨ। 
3 ਉਨ੍ਹਾਂ ਨੇ ਕੁਝ ਬਲਦੀਆਂ ਲਾਟਾਂ ਵਰਗਾ ਵੇਖਿਆ। ਉਹ ਸਭ ਲਾਟਾਂ ਵੱਖਰੀਆਂ-ਵੱਖਰੀਆਂ ਸਨ ਤੇ ਥੱਲੇ ਆਕੇ, ਹਰੇਕ ਮਨੁੱਖ ਦੇ ਅੱਗੇ ਆਕੇ ਠਹਿਰੀਆਂ। 
4 ਵੇਖਦਿਆਂ-ਵੇਖਦਿਆਂ ਉਨ੍ਹਾਂ ਸਭਨਾਂ ਵਿੱਚ ਪਵਿੱਤਰ ਆਤਮਾ ਸਮਾ ਗਿਆ ਅਤੇ ਉਨ੍ਹਾਂ ਸਭ ਨੇ ਵੱਖ-ਵੱਖ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਤਾਕਤ ਦਿੱਤੀ ਸੀ। 
5 ਉਸ ਵਕਤ, ਯਰੂਸ਼ਲਮ ਵਿੱਚ ਬਹੁਤ ਸਾਰੇ ਧਾਰਮਿਕ ਯਹੂਦੀ ਲੋਕ ਰਹਿੰਦੇ ਸਨ। ਇਹ ਮਨੁੱਖ ਦੁਨੀਆਂ ਦੇ ਸਭ ਹਿਸਿਆਂ ਵਿੱਚੋਂ ਇੱਥੇ ਆਏ ਹੋਏ ਸਨ। 
6 ਇਨ੍ਹਾਂ ਮਨੁੱਖਾਂ ਦਾ ਇੱਕ ਵੱਡਾ ਮੰਡਲੀ ਇਕੱਠਿਆਂ ਆਇਆ ਸੀ ਕਿਉਂਕਿ ਉਨ੍ਹਾਂ ਨੇ ਇਹ ਗੂੰਜ ਸੁਣੀ ਸੀ। ਉਹ ਹੈਰਾਨ ਸਨ, ਕਿਉਂਕਿ ਹਰ ਇੱਕ ਨੇ ਰਸੂਲਾਂ ਨੂੰ ਆਪਣੀ ਖੁਦ ਦੀ ਬੋਲੀ ਵਿੱਚ ਬੋਲਦਿਆਂ ਸੁਣਿਆ। 
7 ਉਹ ਸਾਰੇ ਯਹੂਦੀ ਇਸ ਤੋਂ ਬੜੇ ਹੈਰਾਨ ਸਨ। ਉਹ ਇਹ ਨਹੀਂ ਸਮਝ ਸੱਕੇ ਕਿ ਉਹ ਅਜਿਹਾ ਕਰਨ ਦੇ ਸਮਰਥ ਕਿਵੇਂ ਸਨ। ਉਨ੍ਹਾਂ ਕਿਹਾ, “ਵੇਖੋ ਇਹ ਸਭ ਜੋ ਬੋਲ ਰਹੇ ਹਨ ਕੀ ਉਹ ਗਲੀਲੀ ਤੋਂ ਨਹੀਂ ਹਨ? 
8 ਫ਼ਿਰ ਸਾਡੇ ਚੋਂ ਹਰ ਇੱਕ ਆਪਣੀ ਜਨਮ ਭੂਮੀ ਦੀ ਭਾਸ਼ਾ ਉਨ੍ਹਾਂ ਦੀ ਜ਼ਬਾਨੀ ਕਿਵੇਂ ਸੁਣਦਾ ਹੈ? ਇਹ ਕਿਵੇਂ ਸੰਭਵ ਹੈ? ਅਸੀਂ ਸਭ ਵਖੋ-ਵਖ ਥਾਵਾਂ ਤੋਂ ਹਾਂ। 
9 ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ, ਮਸੋਪੋਤਾਮਿਯਾ, ਯਹੂਦਿਯਾ, ਕਪਦੁਕਿਯਾ, ਪੁੰਤੁਸ, ਅਸਿਯਾ, 
10 ਫ਼ਰੂਗਿਯਾ, ਪੁਮਫ਼ੁਲਿਯਾ, ਮਿਸਰ ਅਤੇ ਲਿਬਿਯਾ ਦੇ ਹਿੱਸੇ ਕੁਰੇਨੋ ਦੇ ਨਜ਼ਦੀਕ ਦੇ ਰਹਿਣ ਵਾਲੇ ਹਾਂ। ਇੱਥੇ ਰੋਮੀ ਮੁਸਾਫ਼ਿਰ, ਦੋਵੇਂ ਯਹੂਦੀ ਅਤੇ ਯਹੂਦੀ ਮੁਰੀਦ। 
11 ਕਰੇਤੀ ਅਤੇ ਅਰਬੀ ਹਨ, ਅਸੀਂ ਉਨ੍ਹਾਂ ਸਭਨਾਂ ਨੂੰ ਆਪੋ-ਆਪਣੀ ਭਾਸ਼ਾ ਵਿੱਚ ਪਰਮੇਸ਼ੁਰ ਦੇ ਵੱਡੇ-ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ।” 
12 ਤਾਂ ਸਭ ਲੋਕ ਹੈਰਾਨ-ਪਰੇਸ਼ਾਨ ਸਨ। ਉਨ੍ਹਾਂ ਸਭਨਾਂ ਨੇ ਇੱਕ ਦੂਜੇ ਤੋਂ ਪੁੱਛਿਆ “ਇਹ ਕੀ ਹੋ ਰਿਹਾ ਹੈ” 
13 ਪਰ ਬਾਕੀ ਲੋਕ ਰਸੂਲਾਂ ਤੇ ਹੱਸੇ ਤੇ ਕਹਿਣ ਲੱਗੇ “ਉਨ੍ਹਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ।” 
ਪਤਰਸ ਨੇ ਲੋਕਾਂ ਨੂੰ ਕਿਹਾ 
14 ਤੱਦ ਪਤਰਸ ਉਨ੍ਹਾਂ ਗਿਆਰਾਂ ਰਸੂਲਾਂ ਦੇ ਨਾਲ ਖੜੋ ਕੇ ਉੱਚੀ ਆਵਾਜ਼ ਨਾਲ ਆਖਣ ਲੱਗਾ, “ਹੇ ਮੇਰੇ ਯਹੂਦੀ ਭਰਾਵੋ ਅਤੇ ਸਾਰੇ ਯਰੂਸ਼ਲਮ ਨਿਵਾਸੀਓ, ਮੇਰੀ ਗੱਲ ਧਿਆਨ ਨਾਲ ਸੁਣੋ ਕਿਉਂਕਿ ਮੈਂ ਤੁਹਾਨੂੰ ਉਹ ਦੱਸਾਂਗਾ ਜੋ ਤੁਹਾਨੂੰ ਜਾਨਣਾ ਚਾਹੀਦਾ ਹੈ। 
15 ਇਨ੍ਹਾਂ ਲੋਕਾਂ ਨੇ ਬਹੁਤੀ ਨਹੀਂ ਪੀਤੀ ਜਿਵੇਂ ਕਿ ਤੁਸੀਂ ਸੋਚਦੇ ਹੋਂ। ਅਜੇ ਸਵੇਰ ਦੇ ਸਿਰਫ਼ ਨੌ ਵੱਜੇ ਹਨ। 
16 ਪਰ ਇਹ ਉਹ ਗੱਲ ਹੈ ਜਿਸ ਬਾਰੇ ਯੋਏਲ ਨਬੀ ਨੇ ਲਿਖਿਆ ਹੈ 
17 ‘ਪਰਮੇਸ਼ੁਰ ਆਖਦਾ ਹੈ 
ਅੰਤ ਦੇ ਦਿਨਾਂ ਵਿੱਚ, ਮੈਂ ਸਾਰੇ ਲੋਕਾਂ ਉੱਤੇ ਆਪਣਾ ਆਤਮਾ ਵਗਾਵਾਂਗਾ। 
ਤੁਹਾਡੇ ਪੁੱਤਰ ਅਤੇ ਧੀਆਂ ਅਗੰਮੀ ਵਾਕ ਕਰਨਗੇ 
ਤੁਹਾਡੇ ਜਵਾਨ ਦਰਸ਼ਨ ਵੇਖਣਗੇ ਅਤੇ 
ਤੁਹਾਡੇ ਬਜ਼ੁਰਗਾਂ ਨੂੰ ਖਾਸ ਸੁਪਨੇ ਆਉਣਗੇ। 
18 ਉਸ ਵਕਤ ਮੈਂ ਆਪਣਾ ਆਤਮਾ ਆਪਣੇ ਸੇਵਕਾਂ, ਆਦਮੀਆਂ ਤੇ ਔਰਤਾਂ’ਚ ਪਾਵਾਂਗਾ 
ਅਤੇ ਉਹ ਵੀ ਅਗੰਮੀ ਵਾਕ ਕਹਿਣਗੇ। 
19 ਮੈਂ ਅਸਮਾਨ ਵਿੱਚ ਹੈਰਾਨੀਜਨਕ ਨਜ਼ਾਰੇ ਵਿਖਾਵਾਂਗਾ 
ਅਤੇ ਧਰਤੀ ਉੱਤੇ ਲਹੂ, 
ਅੱਗ ਅਤੇ ਧੂੰਏ ਦੇ ਬੱਦਲਾਂ ਨਾਲ ਸਬੂਤ ਦੇਵਾਂਗਾ। 
20 ਸੂਰਜ ਘੁੱਪ ਹਨੇਰੇ ਵਿੱਚ ਬਦਲ ਜਾਵੇਗਾ ਅਤੇ ਚੰਦਰਮਾਂ, 
ਲਹੂ ਵਰਗਾ ਲਾਲ ਹੋ ਜਾਵੇਗਾ। 
ਫ਼ੇਰ ਪ੍ਰਭੂ ਦਾ ਉਹ ਮਹਾਨ ਅਤੇ ਮਹਿਮਾਮਈ ਦਿਨ ਆਵੇਗਾ। 
21 ਅਤੇ ਹਰ ਉਹ ਜੋ ਪ੍ਰਭੂ ਵਿੱਚ ਵਿਸ਼ਵਾਸ ਰੱਖਦਾ ਹੈ ਬਚਾਇਆ ਜਾਵੇਗਾ।’ ਯੋਏਲ 2:28-32 
22 “ਮੇਰੇ ਯਹੂਦੀ ਭਰਾਵੋ; ਇਨ੍ਹਾਂ ਵਚਨਾਂ ਨੂੰ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ ਜਿਸਦੇ ਸੱਚਾ ਹੋਣ ਦਾ ਸਬੂਤ ਪਰਮੇਸ਼ੁਰ ਦੀ ਤਰਫ਼ੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ੁਰ ਨੇ ਉਸ ਵੱਲੋਂ ਤੁਹਾਡੇ ਵਿੱਚ ਵਿਖਲਾਈਆਂ। 
23 ਤੁਹਾਡੇ ਲਈ ਯਿਸੂ ਭੇਜਿਆ ਗਿਆ ਅਤੇ ਤੁਸੀਂ ਉਸ ਨੂੰ ਜਾਨੋ ਮਾਰ ਦਿੱਤਾ। ਦੁਸ਼ਟ ਲੋਕਾਂ ਦੀ ਸਹਾਇਤਾ ਨਾਲ, ਤੁਸੀਂ ਉਸ ਨੂੰ ਸਲੀਬ ਦੇਕੇ ਮਾਰ ਦਿੱਤਾ। ਪਰ ਪਰਮੇਸ਼ੁਰ, ਪਹਿਲਾਂ ਤੋਂ ਹੀ ਇਹ ਸਭ ਜਾਣਦਾ ਸੀ ਕਿ ਅਜਿਹਾ ਹੋਵੇਗਾ। ਇਹ ਪਰਮੇਸ਼ੁਰ ਦੀ ਹੀ ਵਿਉਂਤ ਸੀ, ਜੋ ਕਿ ਉਸ ਨੇ ਬਹੁਤ ਚਿਰ ਪਹਿਲਾਂ ਸੋਚ ਲਾਈ ਸੀ। 
24 ਯਿਸੂ ਨੇ ਮੌਤ ਦੀ ਪੀੜ ਸਹੀ ਪਰ ਪਰਮੇਸ਼ੁਰ ਨੇ, ਉਸ ਨੂੰ ਆਜ਼ਾਦ ਕਰ ਦਿੱਤਾ। ਪਰਮੇਸ਼ੁਰ ਨੇ ਉਸ ਨੂੰ ਬੰਧਨ ਖੋਲਕੇ ਜੀਵਤ ਕਰ ਦਿੱਤਾ। ਮੌਤ ਉਸ ਨੂੰ ਕਸ ਨਹੀਂ ਸੱਕੀ। 
25 ਦਾਊਦ ਨੇ ਉਸ ਬਾਰੇ ਆਖਿਆ, 
‘ਮੈਂ ਹਮੇਸ਼ਾ ਪ੍ਰਭੂ ਨੂੰ ਆਪਣੇ ਸਨਮੁੱਖ ਵੇਖਿਆ ਹੈ; 
ਉਹ ਮੇਰੇ ਸੱਜੇ ਪਾਸੇ ਹੈ। ਕੁਝ ਵੀ ਮੈਨੂੰ ਨਹੀਂ ਹਿਲਾ ਸੱਕਦਾ। 
26 ਇਸ ਲਈ ਮੇਰਾ ਦਿਲ ਖੁਸ਼ ਹੈ 
ਅਤੇ ਮੇਰੀ ਜ਼ੁਬਾਨ ਹਮੇਸ਼ਾ ਖੁਸ਼ੀ ਵਿੱਚ ਬੋਲਦੀ ਹੈ। 
ਮੇਰਾ ਸਰੀਰ ਵੀ ਉਮੀਦ ਵਿੱਚ ਜੀਵੇਗਾ। 
27 ਕਿਉਂਕਿ, ਤੂੰ ਮੈਨੂੰ ਮੌਤ ਦੀ ਜਗ਼੍ਹਾ ਨਹੀਂ ਛੱਡੇਗਾ। 
ਤੂੰ ਕਦੇ ਵੀ ਆਪਣੇ ਪਵਿੱਤਰ ਪੁਰੱਖ ਦੇ ਸਰੀਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਗਾ। 
28 ਤੂੰ ਮੈਨੂੰ ਸਿੱਖਾਇਆ ਕਿ ਕਿਵੇਂ ਜਿਉਣਾ ਹੈ। 
ਸੋ ਤੂੰ ਮੇਰੇ ਕਰੀਬ ਆਵੇਂਗਾ ਅਤੇ ਮੈਨੂੰ ਅੰਤਾਂ ਦੀ ਖੁਸ਼ੀ ਦੇਵੇਂਗਾ।’ ਜ਼ਬੂਰ 16:8-11 
29 “ਹੇ ਮੇਰੇ ਭਰਾਵੋ, ਨਿਰਭੈ ਹੋਕੇ, ਮੈਂ ਤੁਹਾਨੂੰ ਸਾਡੇ ਵਡੇਰੇ ਦਾਊਦ ਦੇ ਬਾਰੇ ਦੱਸ ਸੱਕਦਾ ਹਾਂ। ਉਹ ਮਰਿਆ ਅਤੇ ਦਫ਼ਨਾਇਆ ਗਿਆ। ਉਸਦੀ ਕਬਰ, ਇੱਥੇ ਅੱਜ ਦਿਨ ਤੱਕ, ਸਾਡੇ ਨਾਲ ਹੈ। 
30 ਦਾਊਦ ਨਬੀ ਸੀ ਅਤੇ ਉਹ ਇਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਵਚਨ ਦਿੱਤਾ ਸੀ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਿਠਾਵਾਂਗਾ। 
31 ਦਾਊਦ ਜਾਣਦਾ ਸੀ ਕਿ ਭਵਿੱਖ ਵਿੱਚ ਕੀ ਵਾਪਰ ਸੱਕਦਾ ਹੈ ਇਸ ਲਈ ਉਹ ਮਸੀਹ ਦੇ ਜੀ ਉੱਠਣ ਬਾਰੇ ਬੋਲਿਆ: 
‘ਉਹ ਮੌਤ ਦੀ ਜਗ਼੍ਹਾ ਨਹੀਂ ਛੱਡਿਆ ਗਿਆ ਸੀ, 
ਅਤੇ ਉਸਦਾ ਸਰੀਰ ਨਹੀਂ ਸੜਿਆ।’ 
32 ਸੋ ਇਹ ਯਿਸੂ ਹੀ ਹੈ ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ। ਅਸੀਂ ਸਭ ਇਸਦੇ ਚਸ਼ਮਦੀਦ ਗਵਾਹ ਹਾਂ। 
33 ਯਿਸੂ ਮਰਨ ਉਪਰਾਂਤ ਸੁਰਗ ਵੱਲ ਲਿਜਾਇਆ ਗਿਆ। ਹੁਣ ਉਹ ਪਰਮੇਸ਼ੁਰ ਨਾਲ ਉਸ ਦੇ ਸੱਜੇ ਪਾਸੇ ਹੈ। ਪਿਤਾ ਨੇ ਹੁਣ ਯਿਸੂ ਨੂੰ ਉਹ ਪਵਿੱਤਰ ਆਤਮਾ ਦਿੱਤਾ ਹੈ ਜਿਸਦਾ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਦੇਵੇਗਾ। ਹੁਣ ਯਿਸੂ ਨੇ ਇਹ ਆਤਮਾ ਵਗਾਇਆ ਹੈ ਜਿਸ ਨੂੰ ਤੁਸੀਂ ਸੁਣਦੇ ਹੋ ਅਤੇ ਦੇਖਦੇ ਹੋ। 
34 ਕਿਉਂ ਜੋ ਦਾਊਦ ਅਕਾਸ਼ ਉੱਤੇ ਉੱਠਾਇਆ ਨਾ ਗਿਆ ਸੀ, ਸਗੋਂ ਇਹ ਯਿਸੂ ਸੀ। ਜਿਸ ਬਾਰੇ ਦਾਊਦ ਨੇ ਖੁਦ ਆਖਿਆ ਸੀ, 
‘ਮੇਰੇ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ 
ਤੂੰ ਮੇਰੇ ਸੱਜੇ ਪਾਸੇ ਬੈਠ, 
35 ਜਦ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦਿਆਂ।’ ਜ਼ਬੂਰ 110:1 
36 “ਇਸ ਲਈ ਸਾਰੇ ਯਹੂਦੀ ਲੋਕਾਂ ਨੂੰ ਇਸ ਸੱਚਾਈ ਦਾ ਪਤਾ ਹੋਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ, ਪ੍ਰਭੂ ਅਤੇ ਮਸੀਹ ਬਣਾਇਆ ਹੈ ਜਿਸ ਨੂੰ ਤੁਹਾਡੇ ਦੁਆਰਾ ਸਲੀਬ ਦਿੱਤੀ ਗਈ ਸੀ।” 
37 ਲੋਕਾਂ ਦੇ ਦਿਲਾਂ ਇਨ੍ਹਾਂ ਸ਼ਬਦਾਂ ਨਾਲ ਛਿੱਦ ਗਏ। ਉਨ੍ਹਾਂ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ, “ਭਰਾਵੋ, ਸਾਨੂੰ ਦੱਸੋ ਕਿ ਅਸੀਂ ਹੁਣ ਕੀ ਕਰੀਏ?” 
38 ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਭ ਆਪਣੇ ਦਿਲ ਅਤੇ ਜ਼ਿੰਦਗੀਆਂ ਬਦਲੋ ਅਤੇ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਓ। ਤੱਦ ਪਰਮੇਸ਼ੁਰ ਤੁਹਾਡੇ ਸਾਰੇ ਪਾਪ ਬਖਸ਼ ਦੇਵੇਗਾ ਅਤੇ ਤੁਸੀਂ ਪਵਿੱਤਰ ਆਤਮਾ ਨੂੰ ਦਾਤ ਵਾਂਗ ਪ੍ਰਾਪਤ ਕਰੋਂਗੇ। 
39 ਇਹ ਵਾਅਦਾ ਤੁਹਾਡੇ ਲਈ, ਤੁਹਾਡੇ ਬੱਚਿਆ ਲਈ, ਅਤੇ ਉਨ੍ਹਾਂ ਸਭਨਾਂ ਲਈ ਹੈ ਜੋ ਇਸ ਜਗ਼੍ਹਾ ਤੋਂ ਬਹੁਤ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ੁਰ ਆਪਣੇ ਕੋਲ ਖੁਦ ਬੁਲਾਵੇਗਾ।” 
40 ਤੱਦ ਪਤਰਸ ਨੇ ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਬਚਨਾਂ ਨਾਲ ਚਿਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ, “ਆਪਣੇ ਆਪ ਨੂੰ ਇਸ ਦੁਸ਼ਟ ਪੀੜੀ ਦੇ ਲੋਕਾਂ ਕੋਲੋ ਬਚਾਓ।” 
41 ਤੱਦ ਉਨ੍ਹਾਂ ਲੋਕਾਂ ਨੇ, ਜਿਨ੍ਹਾਂ ਨੇ ਪਤਰਸ ਦੇ ਉਪਦੇਸ਼ਾਂ ਨੂੰ ਸਵਿਕਾਰਿਆ ਸੀ, ਬਪਤਿਸਮਾ ਲਿਆ। ਉਸ ਦਿਨ ਤਿੰਨ ਹਜ਼ਾਰ ਦੇ ਆਸ-ਪਾਸ ਲੋਕ ਨਿਹਚਾਵਾਨਾਂ ਦੇ ਸਮੂਹ ਨਾਲ ਜੁੜੇ। 
ਨਿਹਚਾਵਾਨਾਂ ਨੇ ਹਰੇਕ ਚੀਜ਼ ਨੂੰ ਵੰਡਿਆ 
42 ਉਨ੍ਹਾਂ ਨੇ ਆਪਣਾ ਸਮਾਂ ਨਿਯਮਿਤ ਰੂਪ ਨਾਲ ਰਸੂਲਾਂ ਦੇ ਉਪਦੇਸ਼ ਸੁਣਨ ਲਈ ਇਸਤੇਮਾਲ ਕੀਤਾ। ਉਹ ਇੱਕ ਦੂਜੇ ਨਾਲ ਪਰਿਵਾਰ ਦੇ ਜੀਆਂ ਵਾਂਗ ਭਾਗੀਦਾਰ ਹੋਣ ਲੱਗੇ। ਉਹ ਇਕੱਠੇ ਖਾਂਦੇ ਅਤੇ ਇਕੱਠੇ ਹੀ ਪ੍ਰਾਰਥਨਾ ਕਰਦੇ। 
43 ਰਸੂਲ ਬੜੀਆਂ ਹੈਰਾਨੀਜਨਕ ਅਤੇ ਤਾਕਤਵਰ ਗੱਲਾਂ ਕਰ ਰਹੇ ਸਨ। ਤਾਂ ਸਾਰੇ ਲੋਕਾਂ ਨੂੰ ਪਰਮੇਸ਼ੁਰ ਲਈ ਡਰ ਸੀ। 
44 ਸਾਰੇ ਉਨ੍ਹਾਂ ਦੇ ਨਿਹਚਾਵਾਨ ਇਕੱਠੇ ਰਹਿੰਦੇ ਤੇ ਆਪਸ ਵਿੱਚ ਹਰ ਚੀਜ਼ ਵੰਡਦੇ। 
45 ਨਿਹਚਾਵਾਨਾਂ ਨੇ ਆਪਣੀ ਜ਼ਮੀਨ ਅਤੇ ਜੋ ਚੀਜ਼ਾਂ ਉਨ੍ਹਾਂ ਕੋਲ ਸਨ, ਸਭ ਵੇਚ ਦਿੱਤੀਆਂ ਅਤੇ ਸਾਰਾ ਧਨ ਸਾਰਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ, ਵੰਡ ਦਿੱਤਾ। 
46 ਹਰ ਰੋਜ਼ ਸਭ ਮੰਦਰ ਦੇ ਵਿਹੜੇ ਵਿੱਚ ਉਸੇ ਮਕਸਦ ਨਾਲ ਮਿਲਦੇ। ਉਹ ਆਪਣੇ ਘਰਾਂ ਵਿੱਚ ਅਨੰਦਿਤ ਦਿਲਾਂ ਨਾਲ ਮਿਲਕੇ ਭੋਜਨ ਕਰਦੇ। 
47 ਨਿਹਚਾਵਾਨ ਪਰਮੇਸ਼ੁਰ ਦੀ ਉਸਤਤਿ ਕਰਦੇ ਅਤੇ ਸਾਰੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ। ਅਤੇ ਹਰੇਕ ਦਿਨ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਹਚਾਵਾਨਾਂ ਦੇ ਸਮੂਹ ਵਿੱਚ ਸ਼ਾਮਿਲ ਕਰਦਾ, ਜੋ ਬਚਾਏ ਜਾਂਦੇ ਸਨ।