ਤਿਮੋਥਿਉਸ ਦਾ ਪੌਲੁਸ ਅਤੇ ਸੀਲਾਸ ਨਾਲ ਜਾਣਾ
16
1 ਪੌਲੁਸ ਦਰਬੇ ਅਤੇ ਲੁਸਤ੍ਰਾ ਸ਼ਹਿਰ ਵਿੱਚ ਗਿਆ। ਯਿਸੂ ਦਾ ਇੱਕ ਚੇਲਾ ਜਿਸ ਦਾ ਨਾਂ ਤਿਮੋਥਿਉਸ ਸੀ, ਉੱਥੇ ਸੀ, ਜਿਸਦੀ ਮਾਂ ਨਿਹਚਾਵਾਨ ਯਹੂਦਣ ਸੀ, ਪਰ ਉਸਦਾ ਪਿਉ ਯੂਨਾਨੀ ਸੀ।
2 ਲੁਸਤ੍ਰਾ ਅਤੇ ਇੱਕੋਨਿਯੁਮ ਦੇ ਸ਼ਹਿਰਾਂ ਵਿੱਚ ਨਿਹਚਾਵਾਨਾਂ ਦੀ ਤਿਮੋਥਿਉਸ ਬਾਰੇ ਬਹੁਤ ਚੰਗੀ ਰਾਏ ਸੀ।
3 ਉਹ ਉਸ ਬਾਰੇ ਬੜੇ ਨੇਕ ਖਿਆਲ ਰੱਖਦੇ ਸਨ। ਪੌਲੁਸ ਚਾਹੁੰਦਾ ਸੀ ਕਿ ਤਿਮੋਥਿਉਸ ਉਸ ਦੇ ਨਾਲ ਸਫ਼ਰ ਕਰੇ, ਪਰ ਉਸ ਇਲਾਕੇ ਦੇ ਸਭ ਲੋਕ ਜਾਣਦੇ ਸਨ ਕਿ ਉਸਦਾ ਪਿਤਾ ਯੂਨਾਨੀ ਸੀ। ਇਸ ਲਈ ਪੌਲੁਸ ਨੇ ਉਸ ਇਲਾਕੇ ਦੇ ਯਹੂਦੀਆਂ ਦੀ ਖਾਤਿਰ ਉਸਦੀ ਸੁੰਨਤ ਕੀਤੀ।
4 ਫ਼ਿਰ ਪੌਲੁਸ ਅਤੇ ਉਸ ਦੇ ਸਾਥੀ ਆਦਮੀਆਂ ਨੇ ਦੂਜੇ ਸ਼ਹਿਰ ਰਾਹੀਂ ਸਫ਼ਰ ਕੀਤਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਦੇ ਰਿਵਾਜ਼ਾਂ ਅਤੇ ਫ਼ੈਸਲਿਆਂ ਨੂੰ ਯਰੂਸ਼ਲਮ ਵਿੱਚ ਨਿਹਚਾਵਾਨਾਂ ਨੂੰ ਪਹੁੰਚਾਇਆ।
5 ਇਉਂ ਕਲੀਸਿਯਾ ਨਿਹਚਾ ਵਿੱਚ ਮਜਬੂਤੀ ਨਾਲ ਵੱਧੀਆਂ ਅਤੇ ਹਰ ਰੋਜ਼ ਗਿਣਤੀ ਵਿੱਚ ਵੱਧ ਰਹੀਆਂ ਸਨ।
ਪੌਲੁਸ ਮਕਦੂਨਿਯਾ ਨੂੰ ਸੱਦਿਆ ਗਿਆ
6 ਪੌਲੁਸ ਅਤੇ ਉਸ ਦੇ ਸਾਥੀ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚੋਂ ਦੀ ਲੰਘਦੇ ਗਏ ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਅਸਿਯਾ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੋਂ ਰੋਕਿਆ ਸੀ।
7 ਪੌਲੁਸ ਅਤੇ ਤਿਮੋਥਿਉਸ ਮੁਸਿਯਾ ਦੇਸ਼ ਦੇ ਕੋਲ ਪਹੁੰਚੇ, ਉਹ ਬਿਥੁਨਿਯਾ ਦੇ ਦੇਸ਼ ਜਾਣਾ ਚਾਹੁੰਦੇ ਸਨ। ਪਰ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਉੱਥੇ ਨਾ ਜਾਣ ਦਿੱਤਾ।
8 ਤਾਂ ਉਹ ਮੁਸਿਯਾ ਦੇ ਕੋਲੋਂ ਲੰਘ ਕੇ ਤ੍ਰੇਆਸ ਸ਼ਹਿਰ ਵਿੱਚ ਪਹੁੰਚੇ।
9 ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਦੇਖਿਆ। ਇਸ ਦਰਸ਼ਨ ਵਿੱਚ, ਉਸ ਨੇ ਮਕਦੂਨੀਯਾ ਤੋਂ ਇੱਕ ਮਨੁੱਖ ਨੂੰ ਆਪਣੇ ਅੱਗੇ ਖਲੋਤਿਆਂ ਅਤੇ ਉਸ ਨੂੰ ਬੇਨਤੀ ਕਰਦਿਆਂ ਵੇਖਿਆ, “ਮਕਦੂਨਿਯਾ ਨੂੰ ਆ ਅਤੇ ਸਾਡੀ ਸਹਾਇਤਾ ਕਰ।”
10 ਪੌਲੁਸ ਦੇ ਇਹ ਦਰਸ਼ਨ ਦੇਖਣ ਤੋਂ ਬਾਅਦ, ਅਸਾਂ ਤੁਰੰਤ ਮਕਦੂਨਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਸਾਨੂੰ ਯਕੀਨ ਸੀ ਕਿ ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖਬਰੀ ਦੇਣ ਲਈ ਸੱਦਿਆ ਸੀ।
ਲੁਦਿਯਾ ਦਾ ਪਰਿਵਰਤਨ
11 ਅਸੀਂ ਜਹਾਜ ਰਾਹੀਂ ਤ੍ਰੋਆਸ ਤੋਂ ਵਿਦਾ ਹੋਏ ਅਤੇ ਸਿਧੇ ਸਮੁਤ੍ਰਾਕੇ ਦੇ ਟਾਪੂ ਵੱਲ ਸਫ਼ਰ ਕੀਤਾ। ਅਗਲੇ ਦਿਨ ਅਸੀਂ ਨਿਯਾਪੁਲਿਸ ਦੇ ਸ਼ਹਿਰ ਨੂੰ ਪਹੁੰਚੇ।
12 ਫ਼ਿਰ ਅਸੀਂ ਫ਼ਿਲਿਪੈ ਗਏ, ਇਹ ਮਕਦੂਨਿਯਾ ਦੇ ਇਸ ਹਿੱਸੇ ਦਾ ਇੱਕ ਮਹੱਤਵਪੂਰਣ ਸ਼ਹਿਰ ਹੈ, ਅਤੇ ਇਹ ਰੋਮੀਆਂ ਲਈ ਇੱਕ ਸ਼ਹਿਰ ਹੈ। ਅਸੀਂ ਕੁਝ ਦਿਨ ਉਸੇ ਸ਼ਹਿਰ ਵਿੱਚ ਰਹੇ।
13 ਸਬਤ ਦੇ ਦਿਨ ਅਸੀਂ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਗਏ। ਅਤੇ ਅਸੀਂ ਉਸ ਇਲਾਕੇ ਵਿੱਚ ਇੱਕ ਜਗ਼੍ਹਾ ਲੱਭਣਾ ਚਾਹੁੰਦੇ ਸਾਂ ਜਿੱਥੇ ਯਹੂਦੀ ਇਕੱਠੇ ਪ੍ਰਾਰਥਨਾ ਲਈ ਆਉਂਦੇ ਸਨ। ਉੱਥੇ ਕੁਝ ਔਰਤਾਂ ਇਕੱਠੀਆਂ ਹੋਈਆਂ ਸਨ। ਤਾਂ ਅਸੀਂ ਉਨ੍ਹਾਂ ਨਾਲ ਬੈਠੇ ਅਤੇ ਉਨ੍ਹਾਂ ਨਾਲ ਗੱਲ ਕੀਤੀ।
14 ਉੱਥੇ ਥੁਆਤੀਰਾ ਸ਼ਹਿਰ ਤੋਂ ਲੁਦਿਯਾ ਨਾਮ ਦੀ ਇੱਕ ਔਰਤ ਵੀ ਸੀ। ਉਸਦਾ ਕੰਮ ਕਿਰਮਚੀ ਰੰਗ ਦੇ ਵਸਤਰ ਵੇਚਣ ਦਾ ਸੀ। ਉਸ ਨੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਪਰਮੇਸ਼ੁਰ ਨੇ ਉਸ ਨੂੰ ਉਸਦਾ ਦਿਲ ਖੋਲ੍ਹਣ ਦਿੱਤਾ ਅਤੇ ਧਿਆਨ ਨਾਲ ਪੌਲੁਸ ਦੇ ਬਚਨਾਂ ਨੂੰ ਸੁਣਾਇਆ।
15 ਉਹ ਅਤੇ ਸਾਰੇ ਲੋਕਾਂ ਨੇ ਜੋ ਉਸ ਦੇ ਘਰ ਵਿੱਚ ਰਹਿੰਦੇ ਸਨ ਬਪਤਿਸਮਾ ਲਿਆ। ਉਸਤੋਂ ਬਾਅਦ, ਫ਼ੇਰ ਉਸ ਨੇ ਸਾਨੂੰ ਇਹ ਆਖਦਿਆਂ ਆਪਣੇ ਘਰ ਸੱਦਾ ਦਿੱਤਾ, “ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਮੈਂ ਪ੍ਰਭੂ ਯਿਸੂ ਦੀ ਸੱਚੀ ਉਪਾਸੱਕ ਹਾਂ, ਫ਼ੇਰ ਕਿਰਪਾ ਕਰਕੇ ਆਓ ਅਤੇ ਮੇਰੇ ਘਰ ਵਿੱਚ ਠਹਿਰੋ।” ਉਸ ਨੇ ਸਾਨੂੰ ਆਪਣੇ ਘਰ ਠਹਿਰਾਉਣ ਲਈ ਮਨਵਾ ਲਿਆ।
ਪੌਲੁਸ ਅਤੇ ਸੀਲਾਸ ਕੈਦ ਵਿੱਚ
16 ਇੱਕ ਵਾਰ ਸਾਡੇ ਨਾਲ ਕੁਝ ਇੰਝ ਵਾਪਰਿਆ, ਜਦੋਂ ਅਸੀਂ ਪ੍ਰਾਰਥਨਾ ਸਥਾਨ ਵੱਲ ਜਾ ਰਹੇ ਸੀ। ਇੱਕ ਦਾਸੀ ਸਾਨੂੰ ਮਿਲੀ। ਉਸ ਵਿੱਚ ਇੱਕ ਵਿਸ਼ੇਸ਼ ਆਤਮਾ ਦਾ ਵਾਸ ਸੀ। ਇਸ ਦੀ ਸ਼ਕਤੀ ਨਾਲ, ਉਹ ਭਵਿੱਖ ਬਾਰੇ ਦੱਸ ਸੱਕਦੀ ਸੀ। ਇਉਂ ਉਹ ਇਸ ਕਸਬੇ ਵਿੱਚ ਬਹੁਤ ਸਾਰਾ ਪੈਸਾ ਆਪਣੇ ਮਾਲਕਾਂ ਲਈ ਕਮਾ ਲਿਆਉਂਦੀ ਸੀ।
17 ਇਸ ਕੁੜੀ ਨੇ ਪੌਲੁਸ ਅਤੇ ਸਾਡਾ ਪਿੱਛਾ ਕੀਤਾ ਅਤੇ ਉੱਚੀ ਆਖ ਰਹੀ ਸੀ, “ਇਹ ਵਿਅਕਤੀ ਅੱਤ ਮਹਾਨ ਪਰਮੇਸ਼ੁਰ ਦੇ ਸੇਵਕ ਹਨ। ਇਹ ਤੁਹਾਨੂੰ ਮੁਕਤੀ ਦੀ ਰਾਹ ਦੱਸਦੇ ਹਨ।”
18 ਉਸ ਨੇ ਬਹੁਤ ਦਿਨ ਇਹ ਕਰਨਾ ਜਾਰੀ ਰੱਖਿਆ ਪਰ ਪੌਲੁਸ ਇਹ ਸੁਣਦਾ ਉਕਤਾਅ ਗਿਆ ਅਤੇ ਆਤਮਾ ਨੂੰ ਕਿਹਾ, “ਮੈਂ ਯਿਸੂ ਮਸੀਹ ਦੇ ਇਖਤਿਆਰ ਨਾਲ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਉਸ ਵਿੱਚੋਂ ਬਾਹਰ ਨਿੱਕਲ ਆ।” ਉਸੇ ਵਕਤ ਉਸ ਕੁੜੀ ਵਿੱਚੋਂ ਆਤਮਾ ਬਾਹਰ ਨਿਕਲ ਆਈ।
19 ਉਸ ਕੁੜੀ ਦੇ ਮਾਲਕ ਨੇ ਮਹਿਸੂਸ ਕੀਤਾ ਕਿ ਹੁਣ ਉਹ ਪੈਸੇ ਕੁਮਾਉਣ ਲਈ ਉਸਦਾ ਇਸਤੇਮਾਲ ਨਹੀਂ ਕਰ ਸੱਕਦੇ ਸੀ। ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫ਼ੜਿਆ ਅਤੇ ਸ਼ਹਿਰ ਦੀ ਸਭਾ ਵਾਲੀ ਥਾਂ ਤੇ ਖਿੱਚ ਲਿਆਏ। ਉਸ ਸ਼ਹਿਰ ਦੇ ਸੂਬੇਦਾਰ ਉੱਥੇ ਸਨ।
20 ਉਹ ਆਦਮੀ ਉਨ੍ਹਾਂ ਨੂੰ ਆਗੂਆਂ ਕੋਲ ਲੈ ਆਏ ਅਤੇ ਆਖਣ ਲੱਗੇ, “ਇਹ ਲੋਕ ਯਹੂਦੀ ਹਨ ਅਤੇ ਇਹ ਸਾਡੇ ਸ਼ਹਿਰ ਵਿੱਚ ਭਾਜੜ ਪਾ ਰਹੇ ਹਨ।
21 ਇਹ ਲੋਕਾਂ ਨੂੰ ਉਹ ਰਿਵਾਜ਼ ਸਿੱਖਾ ਰਹੇ ਹਨ ਜੋ ਸ਼ਰ੍ਹਾ ਦੇ ਖਿਲਾਫ਼ ਹਨ। ਕਿਉਂਕਿ ਅਸੀਂ ਰੋਮੀ ਨਾਗਰਿਕ ਹਾਂ। ਅਸੀਂ ਇਹ ਰਿਵਾਜ਼ ਨਾ ਕਬੂਲ ਸੱਕਦੇ ਹਾਂ ਨਾ ਹੀ ਇਨ੍ਹਾਂ ਉੱਤੇ ਚੱਲ ਸੱਕਦੇ ਹਾਂ।”
22 ਤੱਦ ਲੋਕੀ ਪੌਲੁਸ ਅਤੇ ਸੀਲਾਸ ਦੇ ਖਿਲਾਫ਼ ਹੋ ਗਏ। ਤੱਦ ਆਗੂਆਂ ਨੇ ਪੌਲੁਸ ਅਤੇ ਸੀਲਾਸ ਦੇ ਕੱਪੜੇ ਪਾੜ ਸੁੱਟੇ ਅਤੇ ਕੁਝ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਕੋੜਿਆਂ ਨਾਲ ਮਾਰਨ।
23 ਆਦਮੀਆਂ ਨੇ ਉਨ੍ਹਾਂ ਨੂੰ ਬਹੁਤ ਵਾਰ ਮਾਰਿਆ ਤੇ ਫ਼ਿਰ ਉਨ੍ਹਾਂ ਨੂੰ ਕੈਦ ਵਿੱਚ ਸੁੱਟ ਦਿੱਤਾ। ਕੈਦਖਾਨੇ ਦੇ ਦਰੋਗਾ ਨੂੰ ਆਖਣ ਲੱਗੇ, “ਇਨ੍ਹਾਂ ਉੱਪਰ ਪੂਰੀ ਨਿਗਰਾਨੀ ਰੱਖਣਾ।”
24 ਉਸ ਨੇ ਅਜਿਹਾ ਹੁਕਮ ਪਾਕੇ ਉਨ੍ਹਾਂ ਨੂੰ ਅੰਦਰਲੇ ਕੈਦਖਾਨੇ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਫ਼ ਦੇ ਖਾਨੇ ਠੋਕ ਦਿੱਤੇ।
25 ਅੱਧੀ ਰਾਤ ਵੇਲੇ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਹੋਏ ਪਰਮੇਸ਼ੁਰ ਦੀ ਉਸਤਤਿ ਦੇ ਗੀਤ ਗਾ ਰਹੇ ਸਨ ਅਤੇ ਬਾਕੀ ਕੈਦੀ ਉਨ੍ਹਾਂ ਦੇ ਭਜਨ-ਗੀਤ ਸੁਣ ਰਹੇ ਸਨ।
26 ਅਚਾਨਕ ਭਿਆਨਕ ਭੁਚਾਲ ਆਇਆ। ਭੁਚਾਲ ਇੰਨਾ ਜਬਰਦਸਤ ਸੀ ਕਿ ਕੈਦਖਾਨੇ ਦੀਆਂ ਨੀਹਾਂ ਤੱਕ ਹਿੱਲ ਗਈਆਂ ਅਤੇ ਕੈਦਖਾਨੇ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ। ਅਤੇ ਸਾਰੇ ਕੈਦੀਆਂ ਦੀਆਂ ਜੰਜ਼ੀਰਾਂ ਖੁੱਲ੍ਹ ਗਈਆਂ।
27 ਜੇਲਰ ਜਾਗਿਆ ਅਤੇ ਕੈਦਖਾਨੇ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਵੇਖੇ। ਉਸ ਨੇ ਸੋਚਿਆ ਕਿ ਕੈਦੀ ਪਹਿਲਾਂ ਹੀ ਨਠ ਗਏ ਹਨ। ਇਸ ਲਈ ਉਸ ਨੇ ਆਪਣੀ ਤਲਵਾਰ ਕੱਢੀ ਅਤੇ ਆਪਣੇ-ਆਪ ਨੂੰ ਮਾਰਨ ਹੀ ਵਾਲਾ ਸੀ।
28 ਪਰ ਪੌਲੁਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਆਪਣੇ-ਆਪ ਨੂੰ ਇਉਂ ਕਸ਼ਟ ਨਾ ਦੇ। ਅਸੀਂ ਸਭ ਇੱਥੇ ਹੀ ਹਾਂ।”
29 ਤੱਦ ਦੀਵਾ ਮੰਗਵਾ ਕੇ ਉਹ ਅੰਦਰ ਨੂੰ ਦੌੜਿਆ, ਉਹ ਕੰਬਦਾ ਹੋਇਆ ਪੌਲੁਸ ਅਤੇ ਸੀਲਾਸ ਦੇ ਅੱਗੇ ਢਹਿ ਪਿਆ।
30 ਤੱਦ ਉਸ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਕਿਹਾ, “ਹੇ ਮਹਾ ਪੁਰੱਖੋ, ਬਚਾਏ ਜਾਣ ਲਈ ਮੈਂ ਕੀ ਕਰਾਂ?”
31 ਉਨ੍ਹਾਂ ਉਸ ਨੂੰ ਕਿਹਾ, “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ, ਫ਼ੇਰ ਤੂੰ ਅਤੇ ਉਹ ਸਾਰੇ, ਜਿਹੜੇ ਤੇਰੇ ਘਰ ਵਿੱਚ ਰਹਿੰਦੇ ਹਨ, ਬਚਾਏ ਜਾਣਗੇ।”
32 ਤਾਂ, ਪੌਲੁਸ ਅਤੇ ਸੀਲਾਸ ਨੇ ਜੇਲਰ ਅਤੇ ਉਨ੍ਹਾਂ ਸਭ ਨੂੰ, ਜੋ ਉਸ ਦੇ ਘਰ ਵਿੱਚ ਰਹਿੰਦੇ ਸਨ, ਪ੍ਰਭੂ ਦਾ ਸੰਦੇਸ਼ ਦਿੱਤਾ।
33 ਜਦ ਕਿ ਰਾਤ ਕਾਫ਼ੀ ਹੋ ਚੁੱਕੀ ਸੀ ਪਰ ਜੇਲਰ ਨੇ ਉਨ੍ਹਾਂ ਨੂੰ ਲਿਆ ਅਤੇ ਉਨ੍ਹਾਂ ਦੇ ਜ਼ਖਮ ਸਾਫ਼ ਕੀਤੇ। ਉਸਤੋਂ ਬਾਅਦ, ਜੇਲਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ ਗਿਆ।
34 ਉਸਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਘਰ ਲੈਜਾ ਕੇ ਭੋਜਨ ਕਰਵਾਇਆ, ਹੁਣ ਸਾਰੇ ਲੋਕ ਮੁੜ ਤੋਂ ਬੜੇ ਖੁਸ਼ ਸਨ ਕਿਉਂਕਿ ਹੁਣ ਉਹ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦੇ ਸਨ।
35 ਅਗਲੀ ਸਵੇਰ ਆਗੂਆਂ ਨੇ ਕੁਝ ਸਿਪਾਹੀਆਂ ਨੂੰ ਦਰੋਗਾ ਕੋਲ ਭੇਜਿਆ ਅਤੇ ਸੁਨੇਹਾ ਦਿੱਤਾ “ਇਨ੍ਹਾਂ ਆਦਮੀਆਂ ਨੂੰ ਰਿਹਾ ਕਰ ਦਿੱਤਾ ਜਾਵੇ।”
36 ਦਰੋਗਾ ਨੇ ਪੌਲੁਸ ਨੂੰ ਆਖਿਆ, “ਆਗੂਆਂ ਨੇ ਇਨ੍ਹਾਂ ਸਿਪਾਹੀਆਂ ਰਾਹੀਂ ਤੁਹਾਨੂੰ ਰਿਹਾ ਕਰਨ ਦਾ ਹੁਕਮ ਦੇਕੇ ਭੇਜਿਆ ਹੈ, ਸੋ ਤੁਸੀਂ ਹੁਣ ਸ਼ਾਂਤੀ ਨਾਲ ਇੱਥੋਂ ਜਾ ਸੱਕਦੇ ਹੋ।”
37 ਪਰ ਪੌਲੁਸ ਨੇ ਸਿਪਾਹੀਆਂ ਨੂੰ ਕਿਹਾ, “ਉਨ੍ਹਾਂ ਨੇ ਤਾਂ ਸਾਨੂੰ ਰੋਮੀ ਹੋਣ ਦਾ ਦੋਸ਼ ਸਾਬਤ ਕੀਤੇ ਬਿਨਾਂ ਹੀ ਸਭਨਾਂ ਦੇ ਸਾਹਮਣੇ ਕੋੜੇ ਮਾਰਕੇ ਕੈਦ ਕੀਤਾ ਸੀ। ਅਤੇ ਕੀ ਉਹ ਚਾਹੁੰਦੇ ਹਨ ਅਸੀਂ ਗੁਪਤ ਰੂਪ ਵਿੱਚ ਹੀ ਚੱਲੇ ਜਾਈਏ? ਨਹੀਂ ਇਹ ਇਵੇਂ ਨਹੀਂ ਹੋਣਾ, ਸਗੋਂ ਉਹ ਆਪ ਆਕੇ ਸਾਨੂੰ ਬਾਹਰ ਕੱਢ ਕੇ ਲੈ ਚੱਲਣ।”
38 ਸਿਪਾਹੀਆਂ ਨੇ ਇਹ ਹਾਲ ਸਾਰਾ ਆਗੂਆਂ ਨੂੰ ਜਾ ਸੁਣਾਇਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਰੋਮੀ ਨਾਗਰਿਕ ਹੀ ਸਨ ਤਾਂ ਉਹ ਘਬਰਾ ਗਏ।
39 ਤਾਂ ਉਹ ਆਪ ਪੌਲੁਸ ਅਤੇ ਸੀਲਾਸ ਕੋਲ ਆਏ ਤੇ ਆਕੇ ਖਿਮਾ ਮੰਗੀ। ਉਨ੍ਹਾਂ ਨੇ ਆਪ ਉਨ੍ਹਾਂ ਨੂੰ ਕੈਦ ਵਿੱਚੋਂ ਕੱਢਿਆ ਅਤੇ ਇਹ ਸ਼ਹਿਰ ਛੱਡ ਜਾਣ ਲਈ ਕਿਹਾ।
40 ਪਰ ਜਦੋਂ ਪੌਲੁਸ ਅਤੇ ਸੀਲਾਸ ਜੇਲ ਵਿੱਚੋਂ ਬਾਹਰ ਆਏ ਤਾਂ ਉਹ ਲੁਦਿਯਾ ਦੇ ਘਰ ਨੂੰ ਗਏ ਅਤੇ ਉੱਥੇ ਕੁਝ ਨਿਹਚਾਵਾਨਾਂ ਨੂੰ ਵੇਖਿਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਸਲੀ ਦਿੱਤੀ ਫ਼ੇਰ ਉਨ੍ਹਾਂ ਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਉਹ ਸ਼ਹਿਰ ਛੱਡ ਕੇ ਅੱਗੇ ਨੂੰ ਵੱਧੇ।