ਮਸੀਹ ਯਿਸੂ ਦਾ ਵਫ਼ਾਦਾਰ ਸਿਪਾਹੀ
2
ਤਿਮੋਥਿਉਸ ਤੂੰ ਮੇਰੇ ਲਈ ਇੱਕ ਪੁੱਤਰ ਵਰਗਾ ਹੈਂ। ਉਸ ਵਿਸ਼ਵਾਸ ਵਿੱਚ ਮਜ਼ਬੂਤ ਰਹਿ ਜਿਹੜਾ ਸਾਨੂੰ ਮਸੀਹ ਯਿਸੂ ਵਿੱਚ ਹੈ। ਤੁਸੀਂ ਉਹ ਗੱਲਾਂ ਸੁਣੀਆਂ ਹਨ ਜੋ ਮੈਂ ਸਮਝਾਈਆਂ। ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਉਪਦੇਸ਼ਾਂ ਨੂੰ ਸੁਣਿਆ ਹੈ। ਤੁਹਾਨੂੰ ਇਹੀ ਉਪਦੇਸ਼ ਉਨ੍ਹਾਂ ਨੂੰ ਵੀ ਦੇਣੇ ਚਾਹੀਦੇ ਹਨ ਜਿਨ੍ਹਾਂ ਤੇ ਤੁਸੀਂ ਭਰੋਸਾ ਕਰ ਸੱਕਦੇ ਹੋ। ਫ਼ੇਰ ਉਹ ਉਹੀ ਗੱਲਾਂ ਹੋਰਾਂ ਲੋਕਾਂ ਨੂੰ ਵੀ ਸਿੱਖਾ ਸੱਕਣਗੇ। ਸਾਡੀਆਂ ਔਕੜਾਂ ਦੇ ਭਾਗੀ ਬਣੋ। ਇਨ੍ਹਾਂ ਔਕੜਾਂ ਨੂੰ ਮਸੀਹ ਯਿਸੂ ਦੇ ਸੱਚੇ ਸਿਪਾਹੀ ਵਾਂਗ ਝੱਲੋ। ਇੱਕ ਸਿਪਾਹੀ ਆਪਣੇ ਸੈਨਾਪਤੀ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਇਸੇ ਲਈ ਉਹ ਸਿਪਾਹੀ ਆਪਣਾ ਸਮਾਂ ਉਨ੍ਹਾਂ ਗੱਲਾਂ ਵਿੱਚ ਨਹੀਂ ਲਾਉਂਦਾ ਜਿਨ੍ਹਾਂ ਵਿੱਚ ਬਹੁਤ ਹੋਰ ਲੋਕ ਲਾਉਂਦੇ ਹਨ। ਜੋ ਕੋਈ ਵਿਅਕਤੀ ਦੌੜ ਲਾ ਰਿਹਾ ਤਾਂ ਉਸ ਨੂੰ ਜਿੱਤਣ ਲਈ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਹੜਾ ਕਿਸਾਨ ਸਖਤ ਮਿਹਨਤ ਕਰਦਾ ਹੈ ਉਹ ਖੇਤ ਦੀ ਫ਼ਸਲ ਦਾ ਆਨੰਦ ਮਾਨਣ ਵਾਲਾ ਪਹਿਲਾ ਵਿਅਕਤੀ ਹੋਣਾ ਚਾਹੀਦਾ ਹੈ। ਜੋ ਗੱਲਾਂ ਮੈਂ ਆਖ ਰਿਹਾ ਹਾਂ ਇਨ੍ਹਾਂ ਬਾਰੇ ਸੋਚੋ। ਪ੍ਰਭੂ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਸਮਰਥਾ ਦੇਵੇਗਾ।
ਯਿਸੂ ਮਸੀਹ ਨੂੰ ਚੇਤੇ ਰੱਖੋ। ਉਹ ਦਾਊਦ ਦੇ ਪਰਿਵਾਰ ਵਿੱਚੋਂ ਹੈ। ਜਦੋਂ ਯਿਸੂ ਮਰਿਆ ਤਾਂ ਉਸ ਨੂੰ ਮੌਤ ਤੋਂ ਜਿਵਾਲਿਆ ਗਿਆ। ਇਹੀ ਖੁਸ਼ਖਬਰੀ ਹੈ ਜਿਸ ਬਾਰੇ ਮੈਂ ਲੋਕਾਂ ਨੂੰ ਦੱਸਦਾ ਹਾਂ। ਮੈਂ ਇਸ ਲਈ ਕਸ਼ਟ ਸਹਿ ਰਿਹਾ ਹਾਂ ਕਿਉਂ ਜੋ ਮੈਂ ਖੁਸ਼ਖਬਰੀ ਬਾਰੇ ਲੋਕਾਂ ਨੂੰ ਦੱਸਦਾ ਹਾਂ। ਮੈਨੂੰ ਉਸ ਵਿਅਕਤੀ ਵਾਂਗ ਜੰਜ਼ੀਰਾਂ ਨਾਲ ਜਕੜਿਆ ਹੋਇਆ ਹੈ ਜਿਸਨੇ ਸੱਚਮੁੱਚ ਕੋਈ ਮਾੜਾ ਕੰਮ ਕੀਤਾ ਹੋਵੇ। ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ, ਪਰ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਜੰਜ਼ੀਰਾਂ ਨਹੀਂ ਪਾਈਆਂ ਜਾ ਸੱਕਦੀਆਂ। 10 ਇਸ ਲਈ ਮੈਂ ਸਬਰ ਨਾਲ ਇਨ੍ਹਾਂ ਸਾਰੀਆਂ ਔਕੜਾਂ ਨੂੰ ਝੱਲਦਾ ਹਾਂ। ਅਜਿਹਾ ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਕਰ ਰਿਹਾ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ। ਮੈਂ ਇਹ ਔਕੜਾਂ ਇਸ ਲਈ ਸਹਾਰ ਰਿਹਾ ਤਾਂ ਜੋ ਇਹ ਲੋਕ ਮਸੀਹ ਯਿਸੂ ਰਾਹੀਂ ਮੁਕਤੀ ਪ੍ਰਾਪਤ ਕਰ ਸੱਕਣ। ਉਸ ਮੁਕਤੀ ਨਾਲ ਸਦੀਵੀ ਮਹਿਮਾ ਆਉਂਦੀ ਹੈ।
11 ਇਹ ਉਪਦੇਸ਼ ਸੱਚ ਹੈ:
ਜੇ ਅਸੀਂ ਉਸ ਨਾਲ ਮਰੇ, ਤਾਂ ਅਸੀਂ ਵੀ ਉਸ ਦੇ ਨਾਲ ਰਹਾਂਗੇ।
12 ਜੇ ਅਸੀਂ ਦੁੱਖਾਂ ਨੂੰ ਪ੍ਰਵਾਨ ਕਰਦੇ ਹਾਂ, ਤਾਂ ਅਸੀਂ ਉਸ ਦੇ ਨਾਲ ਰਾਜ ਕਰਾਂਗੇ।
ਜੇ ਅਸੀਂ ਉਸ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵਾਂਗੇ, ਤਾਂ ਉਹ ਸਾਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵੇਗਾ।
13 ਜੇ ਅਸੀਂ ਵਫ਼ਾਦਾਰ ਨਹੀਂ ਹਾਂ ਤਾਂ ਵੀ ਉਹ ਵਫ਼ਾਦਾਰ ਹੋਵੇਗਾ
ਕਿਉਂਕਿ ਉਹ ਆਪਣੇ ਆਪ ਤੋਂ ਮੁਨਕਰ ਨਹੀਂ ਹੋ ਸੱਕਦਾ।
ਇੱਕ ਸਵੀਕ੍ਰਤ ਮਜ਼ਦੂਰ
14 ਲੋਕਾਂ ਨੂੰ ਇਹ ਗੱਲਾਂ ਦੱਸਦੇ ਰਹੋ। ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਚੇਤਾਵਨੀ ਦਿਉ ਕਿ ਸ਼ਬਦਾਂ ਬਾਰੇ ਦਲੀਲਬਾਜ਼ੀ ਕਰਨ ਨਾਲ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਬਲਕਿ, ਇਹ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ ਜੋ ਇਸ ਨੂੰ ਸੁਣਦੇ ਹਨ। 15 ਉਹੋ ਜਿਹਾ ਬਣਨ ਦੀ ਪੂਰਨ ਕੋਸ਼ਿਸ਼ ਕਰੋ ਜਿਸ ਨੂੰ ਪਰਮੇਸ਼ੁਰ ਪ੍ਰਵਾਨ ਕਰੇ ਅਤੇ ਆਪਣੇ ਆਪ ਨੂੰ ਉਸ ਅੱਗੇ ਅਰਪਨ ਕਰ ਦਿਉ। ਇੱਕ ਅਜਿਹਾ ਮਜ਼ਦੂਰ ਬਣੋ ਜਿਹੜਾ ਆਪਣੇ ਕੰਮ ਉੱਤੇ ਸ਼ਰਮਿੰਦਾ ਨਹੀਂ ਅਜਿਹਾ ਮਜ਼ਦੂਰ ਜਿਹੜਾ ਸੱਚੇ ਉਪਦੇਸ਼ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਦਾ ਹੈ।
16 ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਅਜਿਹੀਆਂ ਵਿਹਲੀਆਂ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਇਹ ਗੱਲਾਂ ਲੋਕਾਂ ਨੂੰ ਪਰਮੇਸ਼ੁਰ ਤੋਂ ਹੋਰ ਵੱਧੇਰੇ ਦੂਰ ਲੈ ਜਾਣਗੀਆਂ। 17 ਉਨ੍ਹਾਂ ਦੇ ਉਪਦੇਸ਼ ਤੁਹਾਡੇ ਸਰੀਰ ਅੰਦਰ ਬਿਮਾਰੀ ਵਾਂਗ ਫ਼ੈਲ ਜਾਣਗੇ। ਹੁਮਿਨਾਯੁਸ ਅਤੇ ਫ਼ਿਲੇਤੁਸ ਇਹੋ ਜਿਹੇ ਬੰਦੇ ਹੀ ਹਨ। 18 ਉਨ੍ਹਾਂ ਨੇ ਸੱਚੇ ਉਪਦੇਸ਼ ਛੱਡ ਦਿੱਤੇ। ਉਹ ਆਖਦੇ ਹਨ ਸਮੂਹ ਲੋਕਾਂ ਦਾ ਮੌਤ ਤੋਂ ਜੀ ਉੱਠਣਾ ਪਹਿਲਾਂ ਹੀ ਵਾਪਰ ਚੁੱਕਿਆ ਹੈ। ਅਤੇ ਇਹ ਦੋਵੇ ਬੰਦੇ ਕੁਝ ਲੋਕਾਂ ਦੇ ਵਿਸ਼ਵਾਸ ਤਬਾਹ ਕਰ ਰਹੇ ਹਨ।
19 ਪਰ ਪਰਮੇਸ਼ੁਰ ਦੀ ਮਜ਼ਬੂਤ ਬੁਨਿਆਦ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਇਹ ਸ਼ਬਦ ਵੀ ਉਸ ਬੁਨਿਆਦ ਉੱਪਰ ਲਿਖੇ ਹੋਏ ਹਨ: “ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ ਜਿਹੜੇ ਉਸ ਨਾਲ ਸੰਬੰਧਿਤ ਹਨ।” ਇਹ ਸ਼ਬਦ ਵੀ ਉਸ ਬੁਨਿਆਦ ਉੱਤੇ ਲਿਖੇ ਹੋਏ ਹਨ: “ਹਰ ਕੋਈ ਜਿਹੜਾ ਆਖਦਾ ਹੈ ਕਿ ਉਹ ਪ੍ਰਭੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਦੁਸ਼ਟ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।”
20 ਇੱਕ ਵੱਡੇ ਘਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਕੁਝ ਵਸਤਾਂ ਹਨ। ਪਰ ਕੁਝ ਵਸਤਾਂ ਲਕੜੀ ਤੇ ਮਿੱਟੀ ਦੀਆਂ ਵੀ ਬਣੀਆਂ ਹੋਈਆਂ ਹਨ। ਕੁਝ ਚੀਜ਼ਾਂ ਨੂੰ ਖਾਸ ਮੌਕਿਆਂ ਤੇ ਇਸਤੇਮਾਲ ਕੀਤਾ ਜਾਂਦਾ ਹੈ। ਹੋਰ ਕਈ ਚੀਜ਼ਾਂ ਮੰਦੇ ਕੰਮਾਂ ਲਈ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ। 21 ਜੇਕਰ ਇੱਕ ਵਿਅਕਤੀ ਆਪਣੇ ਆਪ ਨੂੰ ਸਭ ਮੰਦੀਆਂ ਗੱਲਾਂ ਤੋਂ ਸ਼ੁੱਧ ਬਣਾ ਲੈਂਦਾ ਹੈ, ਫ਼ੇਰ ਉਹ ਖਾਸ ਕੰਮਾ ਲਈ ਵਰਤਿਆ ਜਾਵੇਗਾ। ਉਹ ਵਿਅਕਤੀ ਪਵਿੱਤਰ ਬਣਾਇਆ ਜਾਵੇਗਾ ਅਤੇ ਮਾਲਕ ਉਸਦਾ ਇਸਤੇਮਾਲ ਕਰ ਸੱਕੇਗਾ। ਉਹ ਵਿਅਕਤੀ ਹਰ ਚੰਗਿਆਈ ਕਰਨ ਲਈ ਤਿਆਰ ਹੋਵੇਗਾ।
22 ਉਨ੍ਹਾਂ ਦੁਸ਼ਟ ਗੱਲਾਂ ਤੋਂ ਦੂਰ ਰਹੋ ਜਿਹੜੀਆਂ ਇੱਕ ਜਵਾਨ ਆਦਮੀ ਕਰਨੀਆਂ ਚਾਹੁੰਦਾ ਹੈ। ਠੀਕ ਢੰਗ ਨਾਲ ਜਿਉਣ ਲਈ ਅਤੇ ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰੋ। ਇਹ ਗੱਲਾਂ ਉਨ੍ਹਾਂ ਲੋਕਾਂ ਨਾਲ ਮਿਲਕੇ ਕਰੋ ਜਿਨ੍ਹਾਂ ਦੇ ਹਿਰਦੇ ਸ਼ੁੱਧ ਹਨ ਅਤੇ ਜਿਨ੍ਹਾਂ ਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ। 23 ਨਿਕੰਮੀਆਂ ਅਤੇ ਫ਼ਜ਼ੂਲ ਦਲੀਲਾਂ ਤੋਂ ਦੂਰ ਰਹੋ। ਤੁਸੀਂ ਜਾਣਦੇ ਹੀ ਹੋ ਕਿ ਉਹ ਬਹਿਸਾਂ ਵੱਡੀਆਂ ਬਹਿਸਾਂ ਬਣ ਜਾਂਦੀਆਂ ਹਨ। 24 ਪ੍ਰਭੂ ਦੇ ਸੇਵਕ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਉਸ ਨੂੰ ਹਰ ਕਿਸੇ ਨਾਲ ਨਿਮ੍ਰ ਹੋਣਾ ਚਾਹੀਦਾ ਹੈ। ਪ੍ਰਭੂ ਦੇ ਸੇਵਕ ਨੂੰ ਇੱਕ ਚੰਗਾ ਗੁਰੂ ਹੋਣਾ ਚਾਹੀਦਾ ਹੈ। ਉਸ ਨੂੰ ਸਬਰ ਵਾਲਾ ਹੋਣਾ ਚਾਹੀਦਾ ਹੈ। 25 ਪ੍ਰਭੂ ਦੇ ਸੇਵਕ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਉਪਦੇਸ਼ ਦੇਵੇ ਜਿਹੜੇ ਉਸ ਨਾਲ ਸਹਿਮਤ ਨਹੀਂ ਹਨ। ਸ਼ਾਇਦ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਇਸ ਤਰ੍ਹਾਂ ਤਬਦੀਲ ਕਰ ਦੇਵੇ ਕਿ ਉਹ ਸੱਚ ਨੂੰ ਪ੍ਰਵਾਨ ਕਰ ਲੈਣ। 26 ਸ਼ੈਤਾਨ ਨੇ ਉਨ੍ਹਾਂ ਲੋਕਾਂ ਨੂੰ ਫ਼ਸਾ ਲਿਆ ਹੈ ਅਤੇ ਉਨ੍ਹਾਂ ਪਾਸੋਂ ਉਹੀ ਕਰਾਉਂਦਾ ਜੋ ਉਹ ਚਾਹੁੰਦਾ ਹੈ। ਪਰ ਹੋ ਸੱਕਦਾ ਹੈ ਉਹ ਜਾਗ ਜਾਣ ਅਤੇ ਇਹ ਪਤਾ ਲਾ ਲੈਣ ਕਿ ਸ਼ੈਤਾਨ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਸ਼ੈਤਾਨ ਦੇ ਸ਼ਿਕੰਜੇ ਤੋਂ ਮੁਕਤ ਕਰਾ ਲੈਣ।
2:19 ਹਵਾਲਾ: ਗਿਣਤੀ 16:5