ਯੋਆਬ ਦਾ ਦਾਊਦ ਨੂੰ ਮੰਦਾ ਆਖਣਾ
19
1 ਲੋਕਾਂ ਨੇ ਇਹ ਖਬਰ ਯੋਆਬ ਨੂੰ ਸੁਣਾਈ। ਉਨ੍ਹਾਂ ਆਖਿਆ, “ਵੇਖ, ਪਾਤਸ਼ਾਹ ਅਬਸ਼ਾਲੋਮ ਲਈ ਕੁਰਲਾਅ ਰਿਹਾ ਹੈ ਅਤੇ ਬੜਾ ਉਦਾਸ ਹੈ।”
2 ਉਸ ਦਿਨ ਦਾਊਦ ਦੀ ਫ਼ੌਜ ਦੀ ਜਿੱਤ ਹੋਈ, ਪਰ ਉਸ ਦਿਨ ਦੀ ਇਹ ਖਬਰ ਸਭਨਾਂ ਲੋਕਾਂ ਲਈ ਦੁੱਖ ਦਾ ਦਿਹਾੜਾ ਬਣੀ। ਇਹ ਸਭਨਾਂ ਲਈ ਸ਼ੋਕ ਦਾ ਦਿਹਾੜਾ ਸੀ ਕਿਉਂ ਕਿ ਲੋਕਾਂ ਨੇ ਸੁਣਿਆ ਕਿ, “ਪਾਤਸ਼ਾਹ ਆਪਣੇ ਪੁੱਤਰ ਲਈ ਬੜਾ ਦੁੱਖੀ ਹੈ।”
3 ਲੋਕ ਚੁੱਪ-ਚੁਪੀਤਾ ਸ਼ਹਿਰ ਵਿੱਚ ਆ ਵੜੇ। ਉਹ ਇੰਝ ਪ੍ਰਵੇਸ਼ ਕੀਤੇ ਜਿਵੇਂ ਲੋਕ ਲੜਾਈ ਵਿੱਚੋਂ ਹਾਰ ਖਾਕੇ ਸ਼ਰਮ ਦੇ ਮਾਰੇ ਆਉਂਦੇ ਹਨ।
4 ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਉੱਚੀ-ਉੱਚੀ ਕੁਰਲਾਅ ਰਿਹਾ ਸੀ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਅਬਸ਼ਾਲੋਮ, ਮੇਰੇ ਪੁੱਤਰ, ਹਾਏ ਮੇਰੇ ਪੁੱਤਰ।”
5 ਯੋਆਬ ਦਾਊਦ ਪਾਤਸ਼ਾਹ ਦੇ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, “ਅੱਜ ਦੇ ਦਿਨ ਤੁਸੀਂ ਆਪਣੇ ਸਾਰੇ ਅਫ਼ਸਰਾਂ ਨੂੰ ਸ਼ਰਮਿੰਦਾ ਕਰ ਰਹੇ ਹੋ! ਵੇਖੋ, ਉਨ੍ਹਾਂ ਅਫ਼ਸਰਾਂ ਨੇ ਅੱਜ ਤੁਹਾਡੀ ਜਾਨ ਬਚਾਈ ਹੈ ਅਤੇ ਉਨ੍ਹਾਂ ਨੇ ਤੁਹਾਡੇ ਇਲਾਵਾ ਤੁਹਾਡੇ ਪੁੱਤਰਾਂ, ਧੀਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਦਾਸੀਆਂ ਦੀਆਂ ਜਾਨਾਂ ਨੂੰ ਵੀ ਬਚਾਇਆ ਹੈ।
6 ਪਰ ਤੁਸੀਂ ਤਾਂ ਸਗੋਂ ਆਪਣੇ ਦੁਸ਼ਮਣਾਂ ਨਾਲ ਪ੍ਰੀਤ ਕਰ ਰਹੇ ਹੋ ਅਤੇ ਜੋ ਤੁਹਾਨੂੰ ਪ੍ਰੀਤ ਕਰਦੇ ਹਨ ਉਨ੍ਹਾਂ ਨਾਲ ਘਿਰਣਾ ਕਰ ਰਹੇ ਹੋ। ਅੱਜ ਤੁਸੀਂ ਇਹ ਸਿੱਧ ਕਰ ਦਿੱਤਾ ਹੈ ਕਿ ਤੁਹਾਡੇ ਲਈ ਤੁਹਾਡੇ ਅਫ਼ਸਰਾਂ ਅਤੇ ਲੋਕਾਂ ਦਾ ਕੋਈ ਮੁੱਲ ਨਹੀਂ। ਇਹ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜੇਕਰ ਅਬਸ਼ਾਲੋਮ ਜਿਉਂਦਾ ਰਹਿੰਦਾ ਅਤੇ ਉਸਦੀ ਜਗ੍ਹਾ ਅੱਜ ਅਸੀਂ ਮਾਰੇ ਗਏ ਹੁੰਦੇ ਤਾਂ ਤੁਸੀਂ ਪੂਰੇ ਖੁਸ਼ ਹੋਣਾ ਸੀ।
7 ਸੋ ਹੁਣ ਉੱਠੋ ਅਤੇ ਉੱਠ ਕੇ ਆਪਣੇ ਅਫ਼ਸਰਾਂ ਨੂੰ ਧੀਰਜ ਦੇਵੋ ਕਿਉਂ ਕਿ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਜੇ ਤੁਸੀਂ ਬਾਹਰ ਨਹੀਂ ਨਿਕਲੋਂਗੇ ਤਾਂ ਰਾਤ ਤੀਕ ਤੁਹਾਡੇ ਨਾਲ ਇੱਕ ਵੀ ਬੰਦਾ ਨਹੀਂ ਰਹੇਗਾ ਅਤੇ ਇਹ ਤੁਹਾਡੇ ਲਈ ਉਨ੍ਹਾਂ ਸਾਰੀਆਂ ਬੁਰਿਆਈਆਂ ਨਾਲੋਂ ਜੋ ਜੁਆਨੀ ਦੀ ਉਮਰ ਦੇ ਮੁੱਢ ਤੋਂ ਲੈ ਕੇ ਅੱਜ ਤੀਕ ਤੁਹਾਡੇ ਉੱਪਰ ਆਈਆਂ, ਤੋਂ ਵੱਧੀਕ ਬੁਰੀ ਹੋਵੇਗੀ।”
8 ਤੱਦ ਪਾਤਸ਼ਾਹ ਸ਼ਹਿਰ ਦੇ ਦੁਆਰ ਤੀਕ ਗਿਆ ਤੇ ਇਹ ਖਬਰ ਝਟ ਫ਼ੈਲ ਗਈ ਕਿ ਪਾਤਸ਼ਾਹ ਦੁਆਰ ਤੇ ਖੜਾ ਹੈ ਤਾਂ ਸਾਰੇ ਲੋਕ ਪਾਤਸ਼ਾਹ ਨੂੰ ਮਿਲਣ ਲਈ ਆਏ। ਕਿਉਂ ਕਿ ਸਾਰੇ ਇਸਰਾਏਲੀ ਜਿਨ੍ਹਾਂ ਅਬਸ਼ਾਲੋਮ ਨੂੰ ਚੁਣਿਆ ਸੀ ਆਪਣੇ ਘਰੋ-ਘਰੀਁ ਭੱਜ ਗਏ ਸਨ।
ਦਾਊਦ ਦਾ ਮੁੜ ਪਾਤਸ਼ਾਹ ਠਹਿਰਨਾ
9 ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਸਭ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਕਿ, “ਪਾਤਸ਼ਾਹ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਖੋਹਿਆ ਅਤੇ ਫ਼ਲਿਸਤੀਆਂ ਤੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸ਼ਾਲੋਮ ਦੇ ਹੱਥੋਂ ਦੇਸੋਂ ਭੱਜ ਗਿਆ ਹੈ।
10 ਇਸ ਲਈ ਅਸੀਂ ਅਬਸ਼ਾਲੋਮ ਨੂੰ ਰਾਜ ਕਰਨ ਲਈ ਚੁਣਿਆ। ਪਰ ਹੁਣ ਅਬਸ਼ਾਲੋਮ ਵੀ ਮਰ ਗਿਆ ਹੈ। ਉਹ ਲੜਾਈ ਵਿੱਚ ਮਾਰਿਆ ਗਿਆ ਇਸ ਲਈ ਅਸੀਂ ਦਾਊਦ ਨੂੰ ਮੁੜ ਪਾਤਸ਼ਾਹ ਥਾਪਦੇ ਹਾਂ।”
11 ਦਾਊਦ ਪਾਤਸ਼ਾਹ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਸੁਨੇਹਾ ਭੇਜਿਆ ਅਤੇ ਕਿਹਾ, “ਯਹੂਦਾਹ ਦੇ ਬਜ਼ੁਰਗਾਂ ਨਾਲ ਗੱਲ ਕਰੋ। ਆਖੋ, ਤੁਸੀਂ ਦਾਊਦ ਪਾਤਸ਼ਾਹ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਕਿਉਂ ਸਭਨਾਂ ਨਾਲੋਂ ਪਿੱਛੇ ਰਹਿ ਗਏ ਹੋਂ?”
12 ਤੁਸੀਂ ਮੇਰੇ ਭਰਾ ਭਾਈ ਅਤੇ ਮੇਰਾ ਪਰਿਵਾਰ ਹੋ ਤਾਂ ਫ਼ਿਰ ਤੁਸੀਂ ਪਾਤਸ਼ਾਹ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ।
13 ਅਮਾਸਾ ਨੂੰ ਆਖੋ, “ਤੂੰ ਮੇਰੇ ਹੀ ਪਰਿਵਾਰ ਦਾ ਅੰਗ ਹੈਂ। ਸੋ ਜੇਕਰ ਮੈਂ ਤੈਨੂੰ ਯੋਆਬ ਦੀ ਜਗ੍ਹਾ ਆਪਣੇ ਅੱਗੇ ਸੇਨਾਪਤੀ ਨਾ ਬਣਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ, ਸਗੋਂ ਇਸ ਤੋਂ ਵੀ ਵੱਧੀਕ ਕਰੇ।”
14 ਦਾਊਦ ਨੇ ਯਹੂਦਾਹ ਦੇ ਸਾਰੇ ਲੋਕਾਂ ਦੇ ਦਿਲਾਂ ’ਚ ਘਰ ਕਰ ਲਿਆ ਇਸ ਲਈ ਉਹ ਸਾਰੇ ਇੱਕ ਰਾਇ ਹੋ ਗਏ। ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਕਿ, “ਆਪਣੇ ਸਾਰੇ ਅਫ਼ਸਰਾਂ ਸਮੇਤ ਤੁਸੀਂ ਮੁੜ ਆਵੋ।”
15 ਤੱਦ ਦਾਊਦ ਪਾਤਸ਼ਾਹ ਯਰਦਨ ਨਦੀ ਦੇ ਕੰਢੇ ਆਇਆ। ਯਹੂਦਾਹ ਦੇ ਲੋਕ ਉਸ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੀਕ ਆਏ।
ਸ਼ਿਮਈ ਨੇ ਦਾਊਦ ਤੋਂ ਖਿਮਾ ਮੰਗੀ
16 ਗੇਰਾ ਦਾ ਪੁੱਤਰ ਸ਼ਿਮਈ ਬਿਨਯਾਮੀਨੀ ਬਹੁਰੀਮ ਤੋਂ ਕਾਹਲੀ ਨਾਲ ਤੁਰਿਆ ਅਤੇ ਯਹੂਦਾਹ ਦੇ ਲੋਕਾਂ ਨਾਲ ਰਲ ਕੇ ਦਾਊਦ ਪਾਤਸ਼ਾਹ ਨੂੰ ਮਿਲਣ ਲਈ ਆਇਆ।
17 ਤਕਰੀਬਨ 1,000 ਦੇ ਕਰੀਬ ਲੋਕ ਬਿਨਯਾਮੀਨ ਤੋਂ ਸ਼ਿਮਈ ਦੇ ਨਾਲ ਤੁਰੇ। ਦਾਊਦ ਦੇ ਪਰਿਵਾਰ-ਸਮੂਹ ਵਿੱਚੋਂ ਸੀਬਾ ਨਾਂ ਦਾ ਸੇਵਕ ਵੀ ਆਇਆ ਅਤੇ ਉਹ ਆਪਣੇ ਨਾਲ ਆਪਣੇ 15 ਪੁੱਤਰ ਅਤੇ 20 ਨੌਕਰ ਵੀ ਲੈ ਕੇ ਆਇਆ। ਫ਼ਿਰ ਸਾਰੇ ਲੋਕ ਬੜੀ ਕਾਹਲੀ ਨਾਲ ਯਰਦਨ ਦਰਿਆ ਕੋਲ ਦਾਊਦ ਪਾਤਸ਼ਾਹ ਦੇ ਮਿਲਣ ਲਈ ਆਏ।
18 ਪਾਤਸ਼ਾਹ ਦੇ ਪਰਿਵਾਰ ਨੂੰ ਵਾਪਸ ਲਿਆਉਣ ਲਈ ਲੋਕਾਂ ਨੇ ਯਰਦਨ ਦਰਿਆ ਪਾਰ ਕੀਤਾ। ਲੋਕਾਂ ਨੇ ਉਹੀ ਕੀਤਾ ਜੋ ਰਾਜਾ ਚਾਹੁੰਦਾ ਸੀ, ਜਦੋਂ ਰਾਜਾ ਦਰਿਆ ਪਾਰ ਕਰ ਰਿਹਾ ਸੀ ਗੇਰਾ ਦਾ ਪੁੱਤਰ ਸ਼ਿਮਈ ਉਸ ਨੂੰ ਵੇਖਣ ਲਈ ਆਇਆ। ਸ਼ਿਮਈ ਦਾ ਅਭਿਵਾਦਨ ਕਰਨ ਲਈ ਧਰਤੀ ਤੇ ਝੁਕ ਗਿਆ।।
19 ਸ਼ਿਮਈ ਨੇ ਪਾਤਸ਼ਾਹ ਨੂੰ ਕਿਹਾ, “ਮੇਰੇ ਮਹਾਰਾਜ, ਮੇਰੀਆਂ ਗ਼ਲਤ ਕਰਨੀਆਂ ਨੂੰ ਚੇਤੇ ਨਾ ਕਰੋ! ਮੇਰੇ ਮਹਾਰਾਜ, ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਜਾ ਜੋ ਮੈਂ ਉਦੋਂ ਕੀਤੀਆਂ ਸਨ ਜਦੋਂ ਤੂੰ ਯਰੂਸ਼ਲਮ ਛੱਡਿਆ ਸੀ।
20 ਤੁਸੀਂ ਜਾਣਦੇ ਹੋ ਕਿ ਮੈਂ ਪਾਪ ਕੀਤਾ ਹੈ ਇਸੇ ਲਈ ਵੇਖੋ! ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਪਾਤਸ਼ਾਹ ਨੂੰ ਮਿਲਣ ਲਈ ਯੂਸੁਫ਼ ਦੇ ਸਾਰੇ ਘਰਾਣੇ ਤੋਂ ਪਹਿਲਾਂ ਨਿਕਲਿਆ ਹਾਂ।”
21 ਫ਼ਿਰ ਲੇਕਿਨ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਕਿਹਾ, “ਸ਼ਿਮਈ ਨੂੰ ਜ਼ਰੂਰ ਮੌਤ ਮਿਲਣੀ ਚਾਹੀਦੀ ਹੈ ਜਿਸਨੇ ਯਹੋਵਾਹ ਦੇ ਮਸਹ ਕੀਤੇ ਨੂੰ ਸਰਾਪ ਦਿੱਤਾ।”
22 ਦਾਊਦ ਨੇ ਆਖਿਆ, “ਹੇ ਸਰੂਯਾਹ ਦੇ ਪੁੱਤਰੋ! ਭਲਾ ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਵੋਂ? ਇਸਰਾਏਲ ਦੇ ਵਿੱਚ ਕੋਈ ਵੀ ਮਨੁੱਖ ਅੱਜ ਦੇ ਦਿਨ ਵੱਢਿਆ ਨਹੀਂ ਜਾਵੇਗਾ! ਭਲਾ ਮੈਂ ਇਹ ਨਹੀਂ ਜਾਣਦਾ ਕਿ ਅੱਜ ਦੇ ਦਿਨ ਮੈਂ ਇਸਰਾਏਲ ਦਾ ਪਾਤਸ਼ਾਹ ਬਣਿਆ ਹਾਂ?”
23 ਤੱਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, “ਤੂੰ ਨਹੀਂ ਮਾਰਿਆ ਜਾਵੇਂਗਾ!” ਅਤੇ ਇਕਰਾਰ ਕੀਤਾ ਕਿ ਉਹ ਆਪਣੀ ਜ਼ਿੰਦਗੀ ਨਹੀਂ ਗੁਆਵੇਗਾ।
ਮਫ਼ੀਬੋਸ਼ਥ ਦਾਊਦ ਨੂੰ ਵੇਖਣ ਗਿਆ
24 ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਪਾਤਸ਼ਾਹ ਨੂੰ ਮਿਲਣ ਲਈ ਗਿਆ। ਜਿਸ ਦਿਨ ਦਾ ਪਾਤਸ਼ਾਹ ਨਿਕਲਿਆ ਸੀ ਉਸ ਨੇ ਉਸ ਦਿਨ ਤੀਕ ਜਦ ਤੀਕ ਕਿ ਉਹ ਸੁੱਖ ਨਾਲ ਵਾਪਸ ਨਹੀਂ ਮੁੜ ਆਇਆ ਨਾ ਹੀ ਆਪਣੇ ਪੈਰ ਧੋਤੇ ਸਨ ਤੇ ਨਾ ਹੀ ਆਪਣੀ ਦਾਹੜੀ ਸੁਆਰੀ ਸੀ ਅਤੇ ਨਾ ਹੀ ਆਪਣੇ ਵਸਤਰ ਧੁਆਏ ਸਨ।
25 ਅਤੇ ਅਜਿਹਾ ਹੋਇਆ ਕਿ ਜਦੋਂ ਉਹ ਪਾਤਸ਼ਾਹ ਨੂੰ ਮਿਲਣ ਨੂੰ ਯਰੂਸ਼ਲਮ ਵਿੱਚ ਆਇਆ ਤਾਂ ਪਾਤਸ਼ਾਹ ਨੇ ਆਖਿਆ, “ਮਫ਼ੀਬੋਸ਼ਥ, ਜਦੋਂ ਮੈਂ ਯਰੂਸ਼ਲਮ ਤੋਂ ਭਜਿਆ ਸੀ ਤੂੰ ਮੇਰੇ ਨਾਲ ਕਿਉਂ ਨਾ ਭਜਿਆ?”
26 ਮਫ਼ੀਬੋਸ਼ਥ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ! ਮੇਰੇ ਨੌਕਰ ਨੇ ਮੇਰੇ ਨਾਲ ਚਾਲ ਖੇਡੀ। ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਲੰਗਾ ਹਾਂ ਸੋ ਮੈਂ ਆਪਣੇ ਸੇਵਕ ਸੀਬਾ ਨੂੰ ਕਿਹਾ ਕਿ ‘ਜਾ ਤੇ ਖੋਤੇ ਤੇ ਕਾਠੀ ਚੜ੍ਹਾ ਤਾਂ ਜੋ ਮੈਂ ਇਸ ਤੇ ਸਵਾਰ ਹੋਕੇ ਪਾਤਸ਼ਾਹ ਨਾਲ ਜਾਵਾਂ।’
27 ਪਰ ਮੇਰੇ ਨੌਕਰ ਨੇ ਮੇਰੇ ਨਾਲ ਛਲ ਕੀਤਾ। ਉਹ ਸਿਰਫ਼ ਤੁਹਾਡੇ ਕੋਲ ਆਇਆ ਅਤੇ ਮੇਰੇ ਖਿਲਾਫ਼ ਤੁਹਾਡੇ ਕੰਨ ਭਰ ਦਿੱਤੇ। ਪਰ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੂੰ ਤਾਂ ਯਹੋਵਾਹ ਵੱਲੋਂ ਭੇਜੇ ਦੂਤ ਜਿਹਾ ਹੈਂ। ਸੋ ਤੁਹਾਨੂੰ ਜਿਵੇਂ ਮੁਨਾਸਿਬ ਲੱਗੇ ਉਹੀ ਕਰੋ।
28 ਕਿਉਂ ਜੋ ਮੇਰੇ ਪਿਤਾ ਦਾ ਸਾਰਾ ਪਰਿਵਾਰ ਮੇਰੇ ਮਹਾਰਾਜ ਦੇ ਅੱਗੇ ਮੁਰਦਿਆਂ ਵਰਗਾ ਸੀ, ਪਰ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਨਾਲ ਬਿਠਾਇਆ, ਜੋ ਤੁਹਾਡੇ ਲੰਗਰ ਵਿੱਚ ਰੋਟੀ ਖਾਂਦੇ ਸਨ। ਤਾਂ ਫ਼ਿਰ ਪਾਤਸ਼ਾਹ ਦੇ ਅੱਗੇ ਹੋਰ ਦੁਹਾਈ ਕਰਨ ਨੂੰ ਭਲਾ ਮੇਰਾ ਕੀ ਅਧਿਕਾਰ ਹੈ?”
29 ਪਾਤਸ਼ਾਹ ਨੇ ਮਫ਼ੀਬੋਸ਼ਥ ਨੂੰ ਆਖਿਆ, “ਤੂੰ ਆਪਣੀਆਂ ਔਕੜਾਂ ਬਾਰੇ ਬਹੁਤਾਂ ਨਾ ਆਖੀ ਜਾ। ਮੈਂ ਤਾਂ ਫ਼ੈਸਲਾ ਕਰ ਚੁੱਕਿਆ ਹਾਂ ਕਿ ਤੂੰ ਅਤੇ ਸੀਬਾ ਇਸ ਪੈਲੀ ਨੂੰ ਵੰਡ ਲਵੋ।”
30 ਮਫ਼ੀਬੋਸ਼ਥ ਨੇ ਪਾਤਸ਼ਾਹ ਨੂੰ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ। ਸਾਡੇ ਲਈ ਇਹੀ ਕਾਫ਼ੀ ਹੈ ਕਿ ਤੁਸੀਂ ਘਰ ਸ਼ਾਂਤੀ ਨਾਲ ਵਾਪਸ ਆਏ ਹੋ ਸਗੋਂ ਉਹ ਪੈਲੀ ਭਾਵੇਂ ਸਾਰੀ ਸੀਬਾ ਨੂੰ ਹੀ ਦੇ ਦੇਵੋ।”
ਦਾਊਦ ਦਾ ਬਰਜ਼ਿੱਲਈ ਨੂੰ ਨਾਲ ਆਉਣ ਲਈ ਕਹਿਣਾ
31 ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਆਕੇ ਉਸ ਨੂੰ ਯਰਦਨੋਂ ਪਾਰ ਪਹੁੰਚਾਉਣ ਲਈ ਪਾਤਸ਼ਾਹ ਦੇ ਨਾਲ ਯਰਦਨੋਂ ਪਾਰ ਗਿਆ।
32 ਬਰਜ਼ਿੱਲਈ ਬੜਾ ਬੁੱਢਾ, 80 ਵਰ੍ਹਿਆਂ ਦਾ ਬਜ਼ੁਰਗ ਸੀ। ਉਸ ਨੇ ਪਾਤਸ਼ਾਹ ਨੂੰ ਜਦੋਂ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ-ਪਾਣੀ ਪਹੁੰਚਾਇਆ ਸੀ ਕਿਉਂ ਕਿ ਉਹ ਬੜਾ ਅਮੀਰ ਆਦਮੀ ਸੀ।
33 ਦਾਊਦ ਨੇ ਬਰਜ਼ਿੱਲਈ ਨੂੰ ਕਿਹਾ, “ਚੱਲ, ਮੇਰੇ ਨਾਲ ਯਰਦਨ ਦੇ ਪਾਰ ਚੱਲ। ਉੱਥੇ ਆਪਣੇ ਨਾਲ ਮੈਂ ਤੇਰਾ ਖਿਆਲ ਰੱਖਾਂਗਾ ਜੇਕਰ ਤੂੰ ਉੱਥੇ ਯਰੂਸ਼ਲਮ ਵਿੱਚ ਮੇਰੇ ਨਾਲ ਰਹੇਁਗਾ।”
34 ਪਰ ਬਰਜ਼ਿੱਲਈ ਨੇ ਪਾਤਸ਼ਾਹ ਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਇਸ ਵਕਤ ਮੇਰੀ ਉਮਰ ਕਿੰਨੀ ਹੈ? ਤੂੰ ਕੀ ਸੋਚਦਾ ਹੈਂ ਕਿ ਮੈਂ ਇਸ ਉਮਰੇ ਤੇਰੇ ਨਾਲ ਯਰੂਸ਼ਲਮ ਜਾ ਸੱਕਦਾ ਹਾਂ?
35 ਮੈਂ 80 ਸਾਲਾਂ ਦਾ ਹੋ ਗਿਆ ਹਾਂ। ਮੈਂ ਇੰਨਾ ਬੁੱਢਾ ਹਾਂ ਕਿ ਇਹ ਵੀ ਨਹੀਂ ਦੱਸ ਸੱਕਦਾ ਕਿ ਕਿਹੜਾ ਚੰਗਾ ਹੈ ਅਤੇ ਕਿਹੜਾ ਮਾੜਾ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਮੈਂ ਸਵਾਦ ਵੀ ਨਹੀਂ ਵੇਖ ਸੱਕਦਾ ਕਿ ਮੈਂ ਕੀ ਖਾਂਦਾ ਹਾਂ ਜਾਂ ਕੀ ਪੀਂਦਾ ਹਾਂ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਔਰਤਾਂ ਦੇ ਗਾਉਣ ਵਿੱਚ ਅਤੇ ਆਦਮੀਆਂ ਦੇ ਗਾਉਣ ਵਿੱਚ ਵੀ ਫ਼ਰਕ ਨਹੀਂ ਕਰ ਸੱਕਦਾ। ਤਾਂ ਫਿਰ ਤੈਨੂੰ ਮੇਰੇ ਬਾਰੇ ਫ਼ਿਕਰ ਕਰਨ ਦੀ ਕੀ ਲੋੜ ਹੈ?
36 ਜੋ ਕੁਝ ਤੂੰ ਮੈਨੂੰ ਬਖਸ਼ਣਾ ਚਾਹੁੰਦਾ ਹੈਂ ਦਰਅਸਲ ਮੈਨੂੰ ਕੁਝ ਵੀ ਨਹੀਂ ਚਾਹੀਦਾ ਇਸ ਲਈ ਮੈਂ ਯਰਦਨ ਪਾਰ ਤੱਕ ਤੇਰੇ ਨਾਲ ਜਾਵਾਂਗਾ।
37 ਪਰ ਮਿਹਰਬਾਨੀ ਕਰਕੇ ਤੂੰ ਮੈਨੂੰ ਘਰ ਨੂੰ ਪਰਤਨ ਦੇਵੀਂ। ਤੱਦ ਮੈਂ ਆਪਣੇ ਸ਼ਹਿਰ ਵਿੱਚ ਅਰਾਮ ਨਾਲ ਮਰ ਸੱਕਾਂਗਾ ਅਤੇ ਆਪਣੇ ਮਾਤਾ-ਪਿਤਾ ਦੀ ਕਬਰ ਦੇ ਨਾਲ ਹੀ ਦਫ਼ਨਾਇਆ ਜਾਵਾਂਗਾ। ਪਰ ਇੱਥੇ ਕਿਮਹਾਮ ਤੁਹਾਡਾ ਸੇਵਕ ਹੈ, ਉਹ ਮੇਰੇ ਮਹਾਰਾਜ ਪਾਤਸ਼ਾਹ ਦੇ ਨਾਲ ਜਾਵੇ, ਅਤੇ ਜੋ ਕੁਝ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਉਸ ਨਾਲ ਕਰੀਂ।”
38 ਪਾਤਸ਼ਾਹ ਨੇ ਜਵਾਬ ਦਿੱਤਾ, “ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਮੈਂ ਉਹੀ ਉਸ ਨਾਲ ਕਰਾਂਗਾ ਅਤੇ ਜੋ ਕੁਝ ਤੂੰ ਮੇਰੇ ਕੋਲੋਂ ਮੰਗੇ ਮੈਂ ਉਹੀ ਤੈਨੂੰ ਦੇਵਾਂਗਾ।”
ਦਾਊਦ ਦਾ ਘਰ ਵਾਪਸ ਮੁੜਨਾ
39 ਪਾਤਸ਼ਾਹ ਨੇ ਫ਼ੇਰ ਬਰਜ਼ਿੱਲਈ ਨੂੰ ਚੁੰਮਿਆ ਅਤੇ ਅਸੀਸ ਦਿੱਤੀ ਅਤੇ ਬਰਜ਼ਿੱਲਈ ਘਰ ਨੂੰ ਮੁੜ ਆਇਆ ਅਤੇ ਪਾਤਸ਼ਾਹ ਅਤੇ ਹੋਰ ਸਾਰੇ ਲੋਕ ਦਰਿਆ ਪਾਰ ਕਰ ਗਏ।
40 ਤੱਦ ਪਾਤਸ਼ਾਹ ਗਿਲਗਾਲ ਵੱਲ ਤੁਰਿਆ ਅਤੇ ਕਿਮਹਾਮ ਵੀ ਉਸ ਦੇ ਨਾਲ ਗਿਆ। ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਅੱਧੇ ਲੋਕ ਪਾਤਸ਼ਾਹ ਦੇ ਨਾਲ ਗਏ।
ਇਸਰਾਏਲੀਆਂ ਦੀ ਯਹੂਦਾਹ ਦੇ ਲੋਕਾਂ ਨਾਲ ਬਹਿਸ
41 ਸਾਰੇ ਇਸਰਾਏਲੀ ਇਕੱਠੇ ਹੋਕੇ ਪਾਤਸ਼ਾਹ ਕੋਲ ਆਏ। ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਸਾਡੇ ਹੀ ਭਰਾ, ਯਹੂਦਾਹ ਦੇ ਮਨੁੱਖ ਤੁਹਾਨੂੰ ਕਿਸ ਲਈ ਚੜ੍ਹਾ ਲਿਆਏ, ਅਤੇ ਜਾਕੇ ਪਾਤਸ਼ਾਹ ਨੂੰ, ਉਸ ਦੇ ਪਰਿਵਾਰ ਨੂੰ, ਦਾਊਦ ਦੇ ਨਾਲ ਦੇ ਸਾਰੇ ਲੋਕਾਂ ਨੂੰ ਯਰਦਨੋ ਪਾਰ ਲੈ ਆਏ?”
42 ਤੱਦ ਯਹੂਦਾਹ ਸਾਰੇ ਲੋਕਾਂ ਨੇ ਇਸਰਾਏਲੀਆਂ ਨੂੰ ਉੱਤਰ ਦਿੱਤਾ, “ਇਸ ਲਈ ਕਿਉਂ ਕਿ ਪਾਤਸ਼ਾਹ ਸਾਡੇ ਨੇੜੇ ਦਾ ਸਾਕ ਹੈ, ਤਾਂ ਇਸ ਗੱਲ ਲਈ ਤੁਸੀਂ ਕਾਹਨੂੰ ਔਖੇ ਹੁੰਦੇ ਹੋ? ਕੀ ਭਲਾ ਅਸੀਂ ਪਾਤਸ਼ਾਹ ਦਾ ਕੁਝ ਖਾ ਲਿਆ ਹੈ? ਜਾਂ ਉਸ ਨੇ ਸਾਨੂੰ ਕੋਈ ਤੋਹਫ਼ੇ ਦੇ ਦਿੱਤੇ ਹਨ?”
43 ਇਸਰਾਏਲੀਆਂ ਨੇ ਉੱਤਰ ਦਿੱਤਾ, “ਪਾਤਸ਼ਾਹ ਵਿੱਚ ਸਾਡੀਆਂ ਦਸ ਵੰਡਾਂ ਹਨ ਇਸ ਲਈ ਤੁਹਾਡੇ ਨਾਲੋਂ ਦਾਊਦ ਉੱਪਰ ਸਾਡਾ ਹੱਕ ਵੱਧੇਰੇ ਹੈ। ਫ਼ਿਰ ਤੁਸੀਂ ਸਾਨੂੰ ਕਿਉਂ ਤੁੱਛ ਸਮਝਦੇ ਹੋ? ਅਸੀਂ ਹੀ ਸਗੋਂ ਪਾਤਸ਼ਾਹ ਨੂੰ ਘਰ ਵਾਪਸ ਮੋੜ ਲਿਆਉਣ ਦੀ ਸਲਾਹ ਪਹਿਲਾਂ ਦਿੱਤੀ ਸੀ।”
ਪਰ ਯਹੂਦਾਹ ਦੇ ਲੋਕਾਂ ਨੇ ਇਸਰਾਏਲੀਆਂ ਨੂੰ ਬੜਾ ਮਾੜਾ ਜਵਾਬ ਦਿੱਤਾ। ਯਹੂਦਾਹ ਦੇ ਲੋਕਾਂ ਦਾ ਜਵਾਬ ਇਸਰਾਏਲੀਆਂ ਨਾਲੋਂ ਬਹੁਤ ਤੱਤਾ ਅਤੇ ਮੰਦਾ ਸੀ।