ਕੁਝ ਚੇਲਿਆਂ ਨੇ ਯਿਸੂ ਦੀ ਕਬਰ ਨੂੰ ਖਾਲੀ ਪਾਇਆ
(ਮੱਤੀ 28:1-10; ਮਰਕੁਸ 16:1-8; ਲੂਕਾ 24:1-12)
20
1 ਹਫ਼ਤੇ ਦੇ ਪਹਿਲੇ ਦਿਨ, ਅਮ੍ਰਿਤ ਵੇਲੇ, ਮਰਿਯਮ ਮਗਦਲੀਨੀ ਕਬਰ ਕੋਲ ਗਈ, ਜਿੱਥੇ ਯਿਸੂ ਦਾ ਸਰੀਰ ਪਿਆ ਹੋਇਆ ਸੀ। ਅਜੇ ਹਨੇਰਾ ਹੀ ਸੀ। ਉਸ ਨੇ ਵੇਖਿਆ ਜਿਸ ਪੱਥਰ ਨੇ ਕਬਰ ਢੱਕੀ ਹੋਈ ਸੀ ਉਹ ਹਟਿਆ ਹੋਇਆ ਸੀ।
2 ਤਾਂ ਮਰਿਯਮ ਨੱਸਦੀ ਹੋਈ ਸ਼ਮਊਨ ਪਤਰਸ ਅਤੇ ਯਿਸੂ ਦੇ ਹੋਰ ਚੇਲਿਆਂ ਜਿਨ੍ਹਾਂ ਨੂੰ ਯਿਸੂ ਨੇ ਪਿਆਰ ਕੀਤਾ ਸੀ, ਕੋਲ ਗਈ। ਉਸ ਨੇ ਉਨ੍ਹਾਂ ਨੂੰ ਆਖਿਆ, “ਉਨ੍ਹਾਂ ਨੇ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ?”
3 ਤਾਂ ਪਤਰਸ ਅਤੇ ਦੂਜੇ ਚੇਲੇ ਨੇ ਕਬਰ ਵੱਲ ਜਾਣਾ ਸ਼ੁਰੂ ਕੀਤਾ।
4 ਉਹ ਦੋਵੇਂ ਭੱਜ ਰਹੇ ਸਨ ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ ਭੱਜ ਰਿਹਾ ਸੀ ਅਤੇ ਕਬਰ ਕੋਲ ਪਹਿਲਾਂ ਪਹੁੰਚ ਹਿਆ।
5 ਇਸਨੇ ਥੱਲੇ ਝੁਕ ਕੇ ਅੰਦਰ ਵੇਖਿਆ ਤਾਂ ਉਸ ਨੇ ਉਹ ਮਲਮਲ ਦੇ ਕੱਪੜੇ ਉੱਥੇ ਪਏ ਹੋਏ ਵੇਖੇ, ਪਰ ਉਹ ਅੰਦਰ ਨਾ ਗਿਆ।
6 ਤੱਦ ਸ਼ਮਊਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵੜ ਗਿਆ ਉਸ ਨੇ ਵੀ ਉੱਥੇ ਮਲਮਲ ਦੇ ਕੱਪੜੇ ਪਏ ਵੇਖੇ।
7 ਉਸ ਨੇ ਉਹ ਕੱਪੜਾ ਵੀ ਵੇਖਿਆ ਜਿਹੜਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ। ਅਤੇ ਉਹ ਕੱਪੜਾ ਤਹਿ ਕਰਕੇ ਉਨ੍ਹਾਂ ਮਲਮਲ ਦੇ ਕੱਪੜਿਆ ਤੋਂ ਹਟ ਕੇ ਇੱਕ ਪਾਸੇ ਪਿਆ ਹੋਇਆ ਸੀ।
8 ਫਿਰ ਦੂਜਾ ਚੇਲਾ ਵੀ ਅੰਦਰ ਗਿਆ ਇਹ ਉਹ ਚੇਲਾ ਸੀ ਜਿਹੜਾ ਕਿ ਕਬਰ ਉੱਤੇ ਪਤਰਸ ਤੋਂ ਪਹਿਲਾਂ ਪੁੰਹਚਿਆ ਸੀ। ਜਦ ਉਸ ਨੇ ਇਹ ਸਭ ਵਾਪਰਿਆ ਵੇਖਿਆ ਤਾਂ ਉਸ ਨੂੰ ਨਿਹਚਾ ਹੋਈ।
9 (ਉਹ ਚੇਲੇ ਉਦੋਂ ਤੱਕ ਇਹ ਨਾ ਸਮਝ ਸੱਕੇ ਸਨ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ, ਕਿ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ।)
ਯਿਸੂ ਦਾ ਮਰਿਯਮ ਮਗਦਲੀਨੀ ਅੱਗੇ ਪ੍ਰਗਟ ਹੋਣਾ
(ਮਰਕੁਸ 16:9-11)
10 ਫ਼ੇਰ ਚੇਲੇ ਘਰ ਨੂੰ ਵਾਪਸ ਮੁੜੇ। ਮਰਿਯਮ ਅਜੇ ਵੀ ਕਬਰ ਦੇ ਬਾਹਰ ਖੜ੍ਹੀ ਰੋ ਰਹੀ ਸੀ।
11 ਜਦੋਂ ਉਹ ਰੋ ਰਹੀ ਸੀ ਤਾਂ ਰੋਂਦੀ-ਰੋਂਦੀ ਨੇ ਝੁਕ ਕੇ ਕਬਰ ਅੰਦਰ ਵੇਖਿਆ।
12 ਮਰਿਯਮ ਨੇ ਦੂਤ ਸਫ਼ੇਦ ਪੋਸ਼ਾਕ ਪਾਏ ਹੋਏ ਵੇਖੇ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਪਾਇਆ ਹੋਇਆ ਸੀ। ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਬੈਠਾ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਬੈਠਾ ਹੋਇਆ ਸੀ।
13 ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ?”
ਮਰਿਯਮ ਨੇ ਉੱਤਰ ਦਿੱਤਾ, “ਕੁਝ ਲੋਕਾਂ ਨੇ ਮੇਰੇ ਪ੍ਰਭੂ ਦਾ ਸਰੀਰ ਲੈ ਲਿਆ ਹੈ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।”
14 ਜਦੋਂ ਉਸ ਨੇ ਇਹ ਆਖਿਆ ਅਤੇ ਆਸੇ-ਪਾਸੇ ਮੁੜੀ, ਤਾਂ ਉੱਥੇ ਉਸ ਨੇ ਯਿਸੂ ਨੂੰ ਖੜ੍ਹਿਆਂ ਵੇਖਿਆ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹੀ ਹੈ।
15 ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋ ਰਹੀ ਹੈ? ਅਤੇ ਤੂੰ ਕਿਸ ਨੂੰ ਲੱਭ ਰਹੀ ਹੈਂ?”
ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ ਦਾ ਮਾਲੀ ਹੈ, ਅਤੇ ਉਸ ਨੂੰ ਆਖਿਆ, “ਜਨਾਬ, ਜੇ ਤੁਸੀਂ ਉਸ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ। ਤਾਂ ਜੋ ਮੈਂ ਜਾ ਸੱਕਾਂ ਅਤੇ ਉਸ ਨੂੰ ਲੈ ਲਵਾਂ।”
16 ਯਿਸੂ ਨੇ ਉਸ ਨੂੰ ਆਖਿਆ, “ਮਰਿਯਮ।”
ਮਰਿਯਮ ਮੁੜੀ ਅਤੇ ਯਿਸੂ ਵੱਲ ਤੱਕਿਆ ਅਤੇ ਇਬਰਾਨੀ ਭਾਸ਼ਾ ਵਿੱਚ ਬੋਲੀ, “ਰੱਬੋਨੀ” ਭਾਵ “ਗੁਰੂ।”
17 ਯਿਸੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਛੂਹ! ਅਜੇ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ। ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਨ੍ਹਾਂ ਨੂੰ ਇਹ ਦੱਸ: ‘ਮੈਂ ਵਾਪਸ ਆਪਣੇ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ। ਮੇਰੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ।’”
18 ਮਰਿਯਮ ਮਗਦਲੀਨੀ ਚੇਲਿਆਂ ਕੋਲ ਗਈ ਅਤੇ ਉਨ੍ਹਾਂ ਨੂੰ ਜਾਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ।” ਅਤੇ ਉਸ ਨੇ ਉਨ੍ਹਾਂ ਨੂੰ ਉਹ ਗੱਲਾਂ ਵੀ ਦੱਸੀਆਂ ਜੋ ਯਿਸੂ ਨੇ ਉਸ ਨੂੰ ਆਖੀਆਂ ਸਨ।
ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ
(ਮੱਤੀ 28:16-20; ਮਰਕੁਸ 16:14-18; ਲੂਕਾ 24:36-49)
19 ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇੱਕਸਾਥ ਇੱਕਤਰ ਹੋਏ। ਉਨ੍ਹਾਂ ਨੇ ਸਾਰੇ ਦਰਵਾਜੇ ਬੰਦ ਕਰ ਲਏ ਕਿਉਂ ਕਿ ਉਹ ਯਹੂਦੀਆਂ ਤੋਂ ਡਰਦੇ ਸਨ। ਤੱਦ ਯਿਸੂ ਉਨ੍ਹਾਂ ਕੋਲ ਆਕੇ ਉਨ੍ਹਾਂ ਸਾਹਮਣੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”
20 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਦੇ ਚੇਲਿਆਂ ਨੂੰ ਆਪਣੇ ਹੱਥ ਅਤੇ ਆਪਣੀ ਵਖੀ ਵਿਖਾਈ। ਚੇਲੇ ਪ੍ਰਭੂ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ।
21 ਤੱਦ ਯਿਸੂ ਨੇ ਮੁੜ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਮੈਂ ਤੁਹਾਨੂੰ ਭੇਜ ਰਿਹਾ ਹਾਂ ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ।”
22 ਮਗਰੋਂ ਯਿਸੂ ਨੇ ਇਹ ਆਖਿਆ ਉਸ ਨੇ ਆਪਣੇ ਚੇਲਿਆਂ ਉੱਪਰ ਫ਼ੂਕ ਮਾਰੀ। ਯਿਸੂ ਨੇ ਆਖਿਆ, “ਪਵਿੱਤਰ ਆਤਮਾ ਪ੍ਰਾਪਤ ਕਰੋ।
23 ਜਦੋਂ ਤੁਸੀਂ ਲੋਕਾਂ ਦੇ ਪਾਪ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਤੇ ਜੇ ਤੁਸੀਂ ਉਨ੍ਹਾਂ ਦੇ ਪਾਪਾਂ ਨੂੰ ਨਾ ਬਖਸ਼ੋਂਗੇ ਤਾਂ ਉਨ੍ਹਾਂ ਦੇ ਪਾਪ ਬਖਸ਼ੇ ਨਹੀਂ ਜਾਣਗੇ।”
ਯਿਸੂ ਦਾ ਥੋਮਾ ਅੱਗੇ ਪ੍ਰਗਟ ਹੋਣਾ
24 ਜਦ ਯਿਸੂ ਉਨ੍ਹਾਂ ਕੋਲ ਆਇਆ ਤਾਂ ਥੋਮਾਂ, ਜਿਸ ਨੂੰ ਦੀਦੁਮਸ ਵੀ ਆਖਦੇ ਸਨ, ਉੱਥੇ ਚੇਲਿਆਂ ਵਿੱਚ ਨਹੀਂ ਸੀ। ਥੋਮਾਂ ਉਨ੍ਹਾਂ ਬਾਰ੍ਹਾਂ ਵਿੱਚੋਂ ਇੱਕ ਸੀ।
25 ਦੂਜੇ ਚੇਲਿਆਂ ਨੇ ਥੋਮਾਂ ਨੂੰ ਦੱਸਿਆ, “ਅਸੀਂ ਪ੍ਰਭੂ ਦੇ ਦਰਸ਼ਨ ਕੀਤੇ ਹਨ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਯਕੀਨ ਨਹੀਂ ਕਰਾਂਗਾ ਜਦ ਤੱਕ ਮੈਂ ਉਸ ਦੇ ਹੱਥਾਂ ਵਿੱਚ ਮੇਖਾਂ ਦੇ ਚਿੰਨ੍ਹ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾਕੇ ਨਾ ਵੇਖ ਲਵਾਂ ਜਿੱਥੇ ਮੇਖਾਂ ਗੱਡੀਆਂ ਗਈਆਂ ਸਨ ਅਤੇ ਆਪਣਾ ਹੱਥ ਉਸਦੀ ਵੱਖੀ ਤੇ ਨਾ ਰੱਖ ਲਵਾਂ।”
26 ਇੱਕ ਹਫ਼ਤੇ ਬਾਦ ਚੇਲੇ ਉਸੇ ਘਰ ਵਿੱਚ ਫਿਰ ਇੱਕਤਰ ਹੋਏ। ਥੋਮਾਂ ਉਨ੍ਹਾਂ ਦੇ ਨਾਲ ਸੀ। ਦਰਵਾਜ਼ੇ ਬੰਦ ਸਨ ਪਰ ਯਿਸੂ ਉਨ੍ਹਾਂ ਵਿੱਚ ਫ਼ਿਰ ਆਣ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਸ਼ਾਂਤੀ ਤੁਹਾਡੇ ਨਾਲ ਹੋਵੇ।”
27 ਤੱਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇੱਥੇ ਰੱਖ, ਅਤੇ ਮੇਰੇ ਹੱਥਾਂ ਵੱਲ ਵੇਖ। ਆਪਣਾ ਹੱਥ ਮੇਰੀ ਵੱਖੀ ਤੇ ਰੱਖ। ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।”
28 ਥੋਮਾ ਨੇ ਯਿਸੂ ਨੂੰ ਆਖਿਆ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ।”
29 ਯਿਸੂ ਨੇ ਥੋਮਾ ਨੂੰ ਕਿਹਾ, “ਤੂੰ ਜੋ ਮੈਨੂੰ ਵੇਖਿਆ ਇਸ ਕਰਕੇ ਪਰਤੀਤ ਕੀਤੀ ਹੈ। ਧੰਨ ਉਹ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਫ਼ਿਰ ਵੀ ਪਰਤੀਤ ਕੀਤੀ।”
ਯੂਹੰਨਾ ਨੇ ਇਹ ਪੁਸਤਕ ਕਿਉਂ ਲਿਖੀ
30 ਯਿਸੂ ਨੇ ਹੋਰ ਵੀ ਕਈ ਕਰਿਸ਼ਮੇ ਕੀਤੇ ਜਿਹੜੇ ਉਸ ਦੇ ਚੇਲਿਆਂ ਨੇ ਵੇਖੇ। ਉਹ ਕਰਿਸ਼ਮੇ ਇਸ ਪੁਸਤਕ ਵਿੱਚ ਨਹੀ ਲਿਖੇ ਗਏ ਹਨ।
31 ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸੱਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ। ਅਤੇ ਪਰਤੀਤ ਕਰਕੇ, ਉਸ ਦੇ ਨਾਂ ਰਾਹੀਂ ਤੁਸੀਂ ਜੀਵਨ ਖੱਟ ਸੱਕੋ।