ਯੂਹੰਨਾ ਦੀ ਦੂਜੀ ਪੱਤ੍ਰੀ
1
ਬਜ਼ੁਰਗ ਵੱਲੋਂ ਸ਼ੁਭਕਾਮਨਾਵਾਂ। ਪਰਮੇਸ਼ੁਰ ਵੱਲੋਂ ਚੁਣੀ ਹੋਈ ਇਸ ਸੁਆਣੀ ਅਤੇ ਉਸ ਦੇ ਬੱਚਿਆਂ ਨੂੰ।
ਮੈਂ ਸੱਚਾਈ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ। ਉਹ ਸਾਰੇ ਲੋਕ ਵੀ ਜਿਹੜੇ ਸੱਚਾਈ ਨੂੰ ਜਾਣਦੇ ਹਨ, ਤੁਹਾਨੂੰ ਪਿਆਰ ਕਰਦੇ ਹਨ। ਅਸੀਂ ਤੁਹਾਨੂੰ ਸੱਚ ਦੇ ਕਾਰਣ ਪਿਆਰ ਕਰਦੇ ਹਾਂ; ਜਿਹੜਾ ਸਾਡੇ ਅੰਦਰ ਵੱਸਦਾ ਹੈ। ਉਹ ਸੱਚ ਸਾਡੇ ਨਾਲ ਹਮੇਸ਼ਾ ਰਹੇਗਾ।
ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਵੱਲੋਂ ਕਿਰਪਾ, ਮਿਹਰ ਅਤੇ ਸ਼ਾਂਤੀ ਸਾਡੇ ਨਾਲ ਹੋਵੇਗੀ। ਅਸੀਂ ਇਹ ਅਸੀਸਾਂ ਸੱਚ ਅਤੇ ਪਿਆਰ ਰਾਹੀਂ ਪ੍ਰਾਪਤ ਕਰਦੇ ਹਾਂ।
ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੋਈ ਕਿ ਉਹ ਸੱਚ ਦੇ ਰਾਹ ਤੇ ਜਾ ਰਹੇ ਹਨ ਜਿਵੇਂ ਕਿ ਪਿਤਾ ਨੇ ਸਾਨੂੰ ਹੁਕਮ ਦਿੱਤਾ ਸੀ। ਅਤੇ ਹੁਣ ਪਿਆਰੀ ਸੁਆਣੀ ਮੈਂ ਤੈਨੂੰ ਦੱਸਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਕੋਈ ਨਵਾਂ ਹੁਕਮ ਨਹੀਂ ਹੈ। ਇਹ ਓਹੀ ਹੁਕਮ ਹੈ ਜੋ ਸਾਨੂੰ ਸ਼ੁਰੂ ਵਿੱਚ ਮਿਲਿਆ ਸੀ। ਪਿਆਰ ਕਰਨ ਦਾ ਅਰਥ ਪਰਮੇਸ਼ੁਰ ਦੁਆਰਾ ਸਾਨੂੰ ਦਿੱਤੇ ਗਏ ਹੁਕਮ ਅਨੁਸਾਰ ਜਿਉਣਾ ਹੈ। ਪਰਮੇਸ਼ੁਰ ਦਾ ਹੁਕਮ ਇੱਕ ਪਿਆਰ ਦਾ ਜੀਵਨ ਜਿਉਣਾ ਹੈ। ਤੁਸੀਂ ਇਹ ਹੁਕਮ ਸ਼ੁਰੂ ਤੋਂ ਸੁਣਿਆ ਹੈ।
ਹੁਣ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਉਪਦੇਸ਼ਕ ਮੌਜ਼ੂਦ ਹਨ। ਇਹ ਝੂਠੇ ਉਪਦੇਸ਼ਕ ਇਹ ਇਕਰਾਰ ਕਰਨ ਤੋਂ ਇਨਕਾਰ ਕਰਦੇ ਹਨ ਕਿ ਯਿਸੂ ਮਸੀਹ ਧਰਤੀ ਤੇ ਆਇਆ ਅਤੇ ਇੱਕ ਮਨੁੱਖ ਬਣ ਗਿਆ। ਜਿਹੜਾ ਵਿਅਕਤੀ ਇਸ ਸੱਚ ਦਾ ਇਕਰਾਰ ਕਰਨ ਤੋਂ ਇਨਕਾਰ ਕਰਦਾ ਇੱਕ ਝੂਠਾ ਉਪਦੇਸ਼ਕ ਅਤੇ ਮਸੀਹ ਦਾ ਦੁਸ਼ਮਣ ਹੈ। ਹੁਸ਼ਿਆਰ ਰਹੋ। ਉਹ ਇਨਾਮ ਨਾ ਗਵਾਓ ਜਿਸ ਵਾਸਤੇ ਅਸੀਂ ਕੜੀ ਮਿਹਨਤ ਕੀਤੀ ਹੈ, ਤਾਂ ਜੋ ਤੁਹਾਨੂੰ ਪੂਰਾ ਇਨਾਮ ਦਿੱਤਾ ਜਾ ਸੱਕੇ।
ਇੱਕ ਵਿਅਕਤੀ ਨੂੰ ਯਿਸੂ ਮਸੀਹ ਦੇ ਉਪਦੇਸ਼ ਦਾ ਹੀ ਅਨੁਸਰਣ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਮਸੀਹ ਦੇ ਉਪਦੇਸ਼ ਨੂੰ ਬਦਲਦਾ ਹੈ ਤਾਂ ਉਸ ਵਿਅਕਤੀ ਦੀ ਪਰਮੇਸ਼ੁਰ ਨਾਲ ਕੋਈ ਸੰਗਤ ਨਹੀਂ ਹੈ। ਜੇਕਰ ਕੋਈ ਵਿਅਕਤੀ ਮਸੀਹ ਦੇ ਉਪਦੇਸ਼ ਦਾ ਅਨੁਸਰਣ ਕਰਦਾ ਹੈ, ਤਾਂ ਉਹ ਵਿਅਕਤੀ ਪਿਤਾ ਅਤੇ ਪੁੱਤਰ ਨਾਲ ਦੋਹਾਂ ਸੰਗਤ ਰੱਖਦਾ ਹੈ। 10 ਜੇ ਉਹ ਵਿਅਕਤੀ ਜੋ ਤੁਹਾਡੇ ਕੋਲ ਆਉਂਦਾ ਹੈ, ਇਹ ਉਪਦੇਸ਼ ਨਹੀਂ ਲਿਆਉਂਦਾ, ਉਸ ਨੂੰ ਆਪਣੇ ਘਰ ਅੰਦਰ ਨਾ ਕਬੂਲੋ। ਉਸਦੀ ਆਓਭਗਤ ਨਾ ਕਰੋ 11 ਤੁਸੀਂ ਉਸਦਾ ਸੁਆਗਤ ਕਰਦੇ ਹੋ, ਤਾਂ ਤੁਸੀਂ ਉਸ ਦੇ ਬਦ ਕੰਮਾਂ ਵਿੱਚ ਉਸਦਾ ਸਾਥ ਦੇ ਰਹੇ ਹੋ।
12 ਮੈਂ ਤੁਹਾਨੂੰ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ। ਪਰ ਮੈਂ ਸਿਆਹੀ ਅਤੇ ਕਾਗਜ਼ ਨਹੀਂ ਵਰਤਣਾ ਚਾਹੁੰਦਾ। ਪਰ ਮੈਨੂੰ ਤੁਹਾਡੇ ਕੋਲ ਆਉਣ ਅਤੇ ਤੁਹਾਡੇ ਨਾਲ ਆਮ੍ਹੋ-ਸਾਹਮਣੇ ਗੱਲ ਕਰਨ ਦੀ ਆਸ ਹੈ। ਇਸ ਨਾਲ ਸਾਨੂੰ ਬਹੁਤ ਖੁਸ਼ੀ ਮਿਲੇਗੀ। 13 ਪਰਮੇਸ਼ੁਰ ਦੁਆਰਾ ਚੁਣੇ ਗਏ ਤੁਹਾਡੀ ਭੈਣ ਦੇ ਬੱਚੇ ਤੁਹਾਨੂੰ ਆਪਣਾ ਪਿਆਰ ਭੇਜਦੇ ਹਨ।